ਸ਼ਾਹਕੋਟ ਦੇ ਪਿੰਡ ਬਾਜਵਾ ਕਲਾਂ ਤੋਂ ਅਗਵਾ ਬੱਚੇ ਦੇ ਮਾਮਲੇ ’ਚ ਨਵਾਂ ਮੋੜ, ਪਿਤਾ ਵਲੋਂ ਵੀਡੀਓ ਜਾਰੀ
ਸ਼ਾਹਕੋਟ, 23 ਅਗਸਤ (ਸੁਖਦੀਪ ਸਿੰਘ)- ਸ਼ਾਹਕੋਟ ਦੇ ਨਜ਼ਦੀਕੀ ਪਿੰਡ ਬਾਜਵਾ ਕਲਾਂ ਤੋਂ ਬੀਤੀ 19 ਅਗਸਤ ਨੂੰ ਸਵੇਰ ਸਮੇਂ ਸਕੂਲ ਜਾਣ ਲਈ ਘਰ ਦੇ ਬਾਹਰ ਬੱਸ ਦੀ ਉਡੀਕ ਕਰ ਰਹੇ 7 ਸਾਲਾ ਬੱਚੇ ਜੁਝਾਰਦੀਪ ਸਿੰਘ ਨੂੰ ਕਾਰ ਸਵਾਰ ਵਿਅਕਤੀਆਂ ਵੱਲੋਂ ਅਗਵਾ ਕੀਤੇ ਜਾਣ ਦੇ ਮਾਮਲੇ ਵਿਚ ਪੁਲਿਸ ਵੱਲੋਂ 4 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਬੱਚੇ ਦੀ ਭਾਲ ਸ਼ੁਰੂ ਕੀਤੀ ਸੀ। ਅੱਜ ਬੱਚੇ ਦੀ ਮਾਂ ਪੁਸ਼ਪਿੰਦਰ ਕੌਰ ਵੱਲੋਂ ਸ਼ਾਹਕੋਟ ਥਾਣੇ ਦੇ ਬਾਹਰ ਧਰਨਾ ਦਿੱਤਾ ਗਿਆ।
ਸ਼ਾਹਕੋਟ, 23 ਅਗਸਤ (ਸੁਖਦੀਪ ਸਿੰਘ)- ਸ਼ਾਹਕੋਟ ਦੇ ਨਜ਼ਦੀਕੀ ਪਿੰਡ ਬਾਜਵਾ ਕਲਾਂ ਤੋਂ ਬੀਤੀ 19 ਅਗਸਤ ਨੂੰ ਸਵੇਰ ਸਮੇਂ ਸਕੂਲ ਜਾਣ ਲਈ ਘਰ ਦੇ ਬਾਹਰ ਬੱਸ ਦੀ ਉਡੀਕ ਕਰ ਰਹੇ 7 ਸਾਲਾ ਬੱਚੇ ਜੁਝਾਰਦੀਪ ਸਿੰਘ ਨੂੰ ਕਾਰ ਸਵਾਰ ਵਿਅਕਤੀਆਂ ਵੱਲੋਂ ਅਗਵਾ ਕੀਤੇ ਜਾਣ ਦੇ ਮਾਮਲੇ ਵਿਚ ਪੁਲਿਸ ਵੱਲੋਂ 4 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਬੱਚੇ ਦੀ ਭਾਲ ਸ਼ੁਰੂ ਕੀਤੀ ਸੀ। ਅੱਜ ਬੱਚੇ ਦੀ ਮਾਂ ਪੁਸ਼ਪਿੰਦਰ ਕੌਰ ਵੱਲੋਂ ਸ਼ਾਹਕੋਟ ਥਾਣੇ ਦੇ ਬਾਹਰ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਪੁਸ਼ਪਿੰਦਰ ਕੌਰ ਨੇ ਕਿਹਾ ਕਿ ਉਹ ਆਪਣੇ ਬੱਚੇ ਦੀ ਭਾਲ ਵਿਚ ਬਹੁਤ ਪ੍ਰੇਸ਼ਾਨ ਹੈ ਅਤੇ ਕਈ ਦਿਨਾਂ ਤੋਂ ਥਾਣੇ ਦੇ ਚੱਕਰ ਲਗਾ ਰਹੀ ਹੈ। ਬੱਚੇ ਦੇ ਪਿਤਾ ਨੇ ਵੀਡੀਓ ਜਾਰੀ ਕਰਕੇ ਦਿੱਤੀ ਜਾਣਕਾਰੀ- ਇਸੇ ਦੌਰਾਨ ਬੱਚੇ ਦੇ ਪਿਤਾ ਹਰਜਿੰਦਰ ਕੁਮਾਰ ਪੁੱਤਰ ਜਗਤਾਰ ਚੰਦ ਵਾਸੀ ਪਿੰਡ ਮੰਡੀਵਾਲ, ਤਹਿਸੀਲ ਗੁਰੂ ਹਰਸਹਾਏ (ਫਿਰੋਜ਼ਪੁਰ) ਵਲੋਂ ਕੁਝ ਵੀਡੀਓਜ਼ ਜਾਰੀ ਕੀਤੀਆਂ ਗਈਆਂ ਹਨ, ਜਿੰਨ੍ਹਾਂ ਵਿਚ ਉਸ ਨੇ ਮਾਮਲੇ ਸਬੰਧੀ ਵੱਖਰਾ ਪੱਖ ਰੱਖਿਆ ਹੈ। ਹਰਜਿੰਦਰ ਕੁਮਾਰ ਨੇ ਵੀਡੀਓ ਰਾਹੀਂ ਦੱਸਿਆ ਕਿ ਉਸ ਦਾ 5 ਅਪ੍ਰੈਲ 2 009 ਨੂੰ ਪੁਸ਼ਪਿੰਦਰ ਕੌਰ ਵਾਸੀ ਪਿੰਡ ਐਦਲਪੁਰ (ਸ਼ਾਹਕੋਟ) ਨਾਲ ਵਿਆਹ ਹੋਇਆ ਸੀ ਅਤੇ ਉਹ ਪਿਛਲੇ 4 ਸਾਲਾਂ ਤੋਂ ਜਰਮਨੀ ਵਿਚ ਰਹਿ ਰਿਹਾ ਸੀ। ਉਸ ਨੇ ਦੱਸਿਆ ਕਿ ਪਰਿਵਾਰਕ ਤੌਰ ’ਤੇ ਵੱਖ ਹੋਣ ਤੋਂ ਬਾਅਦ ਉਸ ਦੀ ਪਤਨੀ ਪੁਸ਼ਪਿੰਦਰ ਕੌਰ ਪਿਛਲੇ ਸਾਲ 8 ਅਪ੍ਰੈਲ 2025 ਨੂੰ ਬੱਚੇ ਜੁਝਾਰਦੀਪ ਸਿੰਘ ਨੂੰ ਘਰੋਂ ਲੈ ਗਈ ਅਤੇ ਉਸ ਦੀ ਬੇਟੀ ਨੂੰ ਸੜਕ ’ਤੇ ਛੱਡ ਕੇ ਗਈ ਸੀ। ਚਾਰ ਸਾਲ ਬਾਅਦ ਭਾਰਤ ਆਉਣ ’ਤੇ ਉਸ ਨੇ ਬੱਚੇ ਨੂੰ ਮਿਲਣ ਲਈ ਕਈ ਵਾਰ ਕੋਸ਼ਿਸ਼ ਕੀਤੀ । ਬਾਅਦ ਵਿੱਚ ਉਸ ਨੂੰ ਪਤਾ ਲੱਗਾ ਕਿ ਬੱਚਾ ਸ਼ਾਹਕੋਟ ਦੇ ਪਿੰਡ ਬਾਜਵਾ ਕਲਾਂ ਵਿਖੇ ਰਹਿ ਰਿਹਾ ਹੈ। ਹਰਜਿੰਦਰ ਕੁਮਾਰ ਅਨੁਸਾਰ ਜਦੋਂ ਉਹ ਬੱਚੇ ਨੂੰ ਮਿਲਣ ਲਈ ਗਿਆ ਤਾਂ ਬੱਚਾ ਸਕੂਲ ਬੈਗ ਪਾ ਕੇ ਇਕੱਲਾ ਸੜਕ ’ਤੇ ਖੜ੍ਹਾ ਸੀ। ਉਸ ਨੇ ਬੱਚੇ ਨੂੰ ਪੁੱਛਿਆ ਕਿ ਕੀ ਉਹ ਉਸ ਦੇ ਨਾਲ ਜਾਣਾ ਚਾਹੁੰਦਾ ਹੈ, ਜਿਸ ’ਤੇ ਬੱਚਾ ਉਸ ਦੇ ਨਾਲ ਜਾਣ ਲਈ ਤਿਆਰ ਹੋ ਗਿਆ । ਪਿਤਾ ਨੇ ਕਿਹਾ ਕਿ ਬੱਚਾ ਉਸ ਕੋਲ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਉਸ ਦੀ ਮਾਂ ਵੱਲੋਂ ਪੁਲਿਸ ਤੇ ਮੀਡੀਆ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਵੀਡੀਓ ਵਿਚ ਬੱਚੇ ਨੇ ਕਿਹਾ, ਆਪਣੇ ਪਿਤਾ ਕੋਲ ਰਹਿਣਾ ਚਾਹੁੰਦਾ - ਇਕ ਹੋਰ ਵੀਡੀਓ ਵਿਚ ਬੱਚੇ ਜੁਝਾਰਦੀਪ ਸਿੰਘ ਨੇ ਕਿਹਾ ਕਿ ਉਸ ਦੇ ਪਿਤਾ 4 ਸਾਲ ਬਾਅਦ ਜਰਮਨੀ ਤੋਂ ਵਾਪਸ ਆਏ ਹਨ । ਉਸ ਨੇ ਦੱਸਿਆ ਕਿ ਪਿਤਾ ਨੇ ਘਰ ਦੇ ਬਾਹਰ ਗੱਡੀ ਖੜ੍ਹੀ ਕੀਤੀ ਤਾਂ ਉਹ ਆਪਣੇ ਪਿਤਾ ਅਤੇ ਭੈਣ ਨੂੰ ਦੇਖ ਕੇ ਖੁਸ਼ ਹੋ ਗਿਆ। ਉਸ ਨੇ ਕਿਹਾ ਕਿ ਉਹ ਬਾਜਵਾ ਕਲਾਂ ਵਿੱਚ ਨਹੀਂ ਰਹਿਣਾ ਚਾਹੁੰਦਾ । ਬੱਚੇ ਨੂੰ ਲਿਜਾਣ ਦਾ ਤਰੀਕਾ ਗ਼ਲਤ ਸੀ- ਐਸ.ਐਚ.ਓ. - ਇਸ ਮਾਮਲੇ ਸਬੰਧੀ ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ. ਇੰਸਪੈਕਟਰ ਅਮਨ ਸੈਣੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਵਿੱਚ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬੱਚੇ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ 4 ਵਿਅਕਤੀਆਂ, ਜਿਨ੍ਹਾਂ ਵਿੱਚ ਬੱਚੇ ਦਾ ਪਿਤਾ, ਜੇਠ, ਗੱਡੀ ਦਾ ਮਾਲਕ ਬਲਵਿੰਦਰ ਕੁਮਾਰ ਅਤੇ ਇਕ ਹੋਰ ਰਿਸ਼ਤੇਦਾਰ ਸ਼ਾਮਲ ਹਨ, ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬੱਚੇ ਨੂੰ ਉਸ ਦਾ ਪਿਤਾ ਲੈ ਕੇ ਗਿਆ ਸੀ, ਜੋ ਚਾਰ ਸਾਲ ਬਾਅਦ ਵਿਦੇਸ਼ ਤੋਂ ਵਾਪਸ ਆਇਆ ਸੀ। ਉ ਨ੍ਹਾਂ ਸਪੱਸ਼ਟ ਕੀਤਾ ਕਿ ਬੱਚੇ ਨੂੰ ਲਿਜਾਣ ਦਾ ਤਰੀਕਾ ਗ਼ਲਤ ਸੀ। ਪਰਿਵਾਰਕ ਮੈਂਬਰਾਂ ਨੂੰ ਪੁਲਿਸ ਵੱਲੋਂ ਹੁਣ ਤੱਕ ਕੀਤੀ ਗਈ ਕਾਰਵਾਈ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਉਹ ਵਾਪਸ ਚਲੇ ਗਏ ਹਨ।