ਕੁਝ ਨੌਜਵਾਨ ਇਕ ਨੌਜਵਾਨ ਦੀ ਕੁੱਟਮਾਰ ਕਰ ਕੇ 10 ਹਜ਼ਾਰ ਰੁਪਏ ਖੋਹ ਕੇ ਫ਼ਰਾਰ
ਕਪੂਰਥਲਾ, 25 ਸਤੰਬਰ (ਅਮਨਜੋਤ ਸਿੰਘ ਵਾਲੀਆ)-ਕੁਸ਼ਟ ਆਸ਼ਰਮ ਨੇੜੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੁੱਝ ਨੌਜਵਾਨ ਇਕ ਨੌਜਵਾਨ ਦੀ ਕੁੱਟਮਾਰ ਕਰਕੇ ਉਸ ਪਾਸੋਂ 10 ਹਜ਼ਾਰ ਰੁਪਏ ਖੋਹ ਕੇ ਫ਼ਰਾਰ ਹੋ ਗਏ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਕਪੂਰਥਲਾ ਵਿਖੇ ਜ਼ੇਰੇ ਇਲਾਜ ਜਤਿੰਦਰਪਾਲ ਸਿੰਘ ਪੁੱਤਰ ਸੁਰਿੰਦਰਪਾਲ ਸਿੰਘ ਵਾਸੀ ਸੰਤਪੁਰਾ ਗਲੀ ਨੰਬਰ 1 ਨੇ ਦੱਸਿਆ ਕਿ ਉਹ ਅੰਮਿ੍ਤਸਰ ਚੁੰਗੀ ਵਲੋਂ ਆਪਣੇ ਘਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਰਸਤੇ ’ਚ ਕੁਸ਼ਟ ਆਸ਼ਰਮ ਨੇੜੇ 3-4 ਨੌਜਵਾਨਾਂ ਨੇ ਉਸ ਨੂੰ ਰੋਕ ਲਿਆ ਤੇ ਉਸ ਪਾਸੋਂ 10 ਹਜ਼ਾਰ ਰੁਪਏ ਨਕਦੀ ਤੇ ਉਸ ਦੀ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿੱਤਾ | ਜਿਸ ਨੂੰ ਉਸ ਦੇ ਸਾਥੀਆਂ ਨੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ, ਜਿੱਥੇ ਡਿਊਟੀ ਡਾਕਟਰ ਜਸ਼ਨ ਵਲੋਂ ਉਸ ਦਾ ਇਲਾਜ ਜਾਰੀ ਹੈ | ਇਸ ਸੰਬੰਧੀ ਥਾਣਾ ਸਿਟੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ |
ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਜ਼ਖ਼ਮੀ ਨੌਜਵਾਨ | ਤਸਵੀਰ : ਤਿਲਕਰਾਜ
26-09-2026