ਨਡਾਲਾ ’ਚ ਡੇਅਰੀ ਤੋਂ ਦਹੀਂ ਚੋਰੀ ਕਰਦਾ ਵਿਅਕਤੀ ਕਾਬੂ, ਪੁਲਿਸ ਹਵਾਲੇ ਕੀਤਾ
ਨਡਾਲਾ, 16 ਅਕਤੂਬਰ (ਰਘਬਿੰਦਰ ਸਿੰਘ)-ਨਡਾਲਾ-ਬੇਗੋਵਾਲ ਰੋਡ ਸਥਿਤ ਜਗਮੋਹਨ ਡੇਅਰੀ ਦੇ ਬਾਹਰੋਂ ਸਵੇਰੇ ਤੜਕਸਾਰ ਦਹੀਂ ਦੀ ਪੇਟੀ ਚੋਰੀ ਕਰਨ ਵਾਲੇ ਵਿਅਕਤੀ ਨੂੰ ਦੁਕਾਨ ਮਾਲਕਾਂ ਵੱਲੋਂ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ | ਪੁਲਿਸ ਵੱਲੋਂ ਵਿਅਕਤੀ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ |ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਅਰਸ਼ਦੀਪ ਸਿੰਘ ਸੋਢੀ ਨੇ ਦੱਸਿਆ ਕਿ ਦੁਕਾਨ ਖੁੱਲ੍ਹਣ ਤੋਂ ਪਹਿਲਾਂ ਸਪਲਾਈ ਵਾਲਾ ਵਿਅਕਤੀ ਦੁੱਧ, ਦਹੀਂ ਅਤੇ ਹੋਰ ਸਾਮਾਨ ਦੁਕਾਨ ਦੇ ਬਾਹਰ ਰੱਖ ਜਾਂਦਾ ਹੈ | ਪਿਛਲੇ ਇੱਕ ਹਫ਼ਤੇ ਤੋਂ ਉਨ੍ਹਾਂ ਦੀ ਦਹੀਂ ਵਾਲੀ ਪੇਟੀ ਲਗਾਤਾਰ ਚੋਰੀ ਹੋ ਰਹੀ ਸੀ | ਜਦੋਂ ਉਨ੍ਹਾਂ ਨੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਇੱਕ ਵਿਅਕਤੀ ਦਹੀਂ ਦੀ ਪੇਟੀ ਚੋਰੀ ਕਰਦਾ ਦਿਖਾਈ ਦਿੱਤਾ |ਅਰਸ਼ਦੀਪ ਸਿੰਘ ਸੋਢੀ ਨੇ ਦੱਸਿਆ ਕਿ ਉਹ ਸਵੇਰੇ ਆਪਣੇ ਪਿੰਡ ਪਸੀਏਵਾਲ ਤੋਂ ਸਿੱਧਾ ਦੁਕਾਨ ‘ਤੇ ਪਹੁੰਚੇ | ਇਸ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਸ਼ੱਕੀ ਵਿਅਕਤੀ ਨਡਾਲਾ ਬੱਸ ਸਟੈਂਡ ਤੋਂ ਬੱਸ ਵਿਚ ਬੈਠਣ ਦੀ ਤਿਆਰੀ ਕਰ ਰਿਹਾ ਸੀ | ਉ ਨ੍ਹਾਂ ਨੇ ਉਸ ਨੂੰ ਕਾਬੂ ਕਰਕੇ ਦਹੀਂ ਵਾਲੀ ਪੇਟੀ ਬਰਾਮਦ ਕੀਤੀ ਅਤੇ ਪੁੱਛਗਿੱਛ ਦੌਰਾਨ ਉਸ ਨੇ ਕਥਿਤ ਤੌਰ ‘ਤੇ ਪਿਛਲੇ ਇੱਕ ਹਫ਼ਤੇ ਤੋਂ ਦਹੀਂ ਦੀਆਂ ਪੇਟੀਆਂ ਚੋਰੀ ਕਰਕੇ ਪਿੰਡ ਬੂਟਾਂ ਵਿਖੇ 300 ਰੁਪਏ ਵਿਚ ਵੇਚਣ ਦੀ ਗੱਲ ਕਬੂਲੀ |ਦੁਕਾਨਦਾਰ ਅਨੁਸਾਰ ਉਹ ਦਹੀਂ ਦੀ ਇੱਕ ਪੇਟੀ 2 80 ਰੁਪਏ ਵਿਚ ਵੇਚਦੇ ਹਨ | ਇਸ ਤੋਂ ਬਾਅਦ ਵਿਅਕਤੀ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ | ਜ਼ਿਕਰਯੋਗ ਹੈ ਕੇ ਉਕਤ ਵਿਅਕਤੀ ਪਹਿਲਾਂ ਵੀ ਚੋਰੀ ਦੇ ਮਾਮਲੇ ਵਿਚ ਜੇਲ੍ਹ ਜਾ ਚੁੱਕਾ ਹੈ | ਕਰੀਬ ਤਿੰਨ ਮਹੀਨੇ ਪਹਿਲਾਂ ਨਡਾਲਾ ਵਿਖੇ ਇੱਕੋ ਰਾਤ ਸੰਜੂ ਮੀਟ ਚਿਕਨ ਅਤੇ ਰਕੇਸ਼ ਕੰਪਿਊਟਰ ਕੈਫ਼ੇ ਵਿਚ ਹੋਈਆਂ ਚੋਰੀਆਂ ਵਿਚ ਵੀ ਉਸ ਦੀ ਸ਼ਮੂਲੀਅਤ ਹੋਣ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ |