ਮੋਬਾਈਲ ਵੈਨ ਰਾਹੀਂ ਡਾਕ ਵਿਭਾਗ ਨੇ ਲੋਕਾਂ ਨੂੰ ਵੱਖ-ਵੱਖ ਸਕੀਮਾਂ ਬਾਰੇ ਕੀਤਾ ਜਾਗਰੂਕ
ਨਡਾਲਾ, 16 ਅਕਤੂਬਰ (ਰਘਬਿੰਦਰ ਸਿੰਘ)-ਭਾਰਤੀ ਡਾਕ ਵਿਭਾਗ ਵੱਲੋਂ ਲੋਕਾਂ ਨੂੰ ਡਾਕਘਰ ਦੀਆਂ ਵੱਖ-ਵੱਖ ਲੋਕ ਭਲਾਈ ਅਤੇ ਬੱਚਤ ਸਕੀਮਾਂ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਨਡਾਲਾ ਵਿਖੇ ਮੋਬਾਈਲ ਵੈਨ ਰਾਹੀਂ ਜਾਗਰੂਕਤਾ ਮੁਹਿੰਮ ਚਲਾਈ ਗਈ | ਇਸ ਮੌਕੇ ਡਾਕ ਵਿਭਾਗ ਦੇ ਕਰਮਚਾਰੀਆਂ ਵੱਲੋਂ ਲੋਕਾਂ ਨੂੰ ਡਾਕਘਰ ਵਿਚ ਚੱਲ ਰਹੀਆਂ ਵੱਖ-ਵੱਖ ਬੱਚਤ ਯੋਜਨਾਵਾਂ, ਸੁਕੰਨਿਆ ਸਮਿ੍ਧੀ ਯੋਜਨਾ, ਪੋਸਟਲ ਲਾਈਫ ਇੰਸ਼ੋਰੈਂਸ, ਰੂਰਲ ਪੋਸਟਲ ਲਾਈਫ ਇੰਸ਼ੋਰੈਂਸ ਅਤੇ ਇੰਡੀਆ ਪੋਸਟ ਪੇਮੈਂਟਸ ਬੈਂਕ ਦੀਆਂ ਸੇਵਾਵਾਂ ਸਬੰਧੀ ਜਾਣਕਾਰੀ ਦਿੱਤੀ ਗਈ |ਇਸ ਦੌਰਾਨ ਲੋਕਾਂ ਨੂੰ ਦੱਸਿਆ ਗਿਆ ਕਿ ਡਾਕਘਰ ਦੀਆਂ ਵੱਖ-ਵੱਖ ਬੱਚਤ ਸਕੀਮਾਂ ਰਾਹੀਂ ਉਹ ਆਪਣੀ ਮਿਹਨਤ ਦੀ ਕਮਾਈ ਨੂੰ ਸੁਰੱਖਿਅਤ ਢੰਗ ਨਾਲ ਜਮਾਂ ਕਰਵਾ ਕੇ ਭਵਿੱਖ ਲਈ ਬੱਚਤ ਕਰ ਸਕਦੇ ਹਨ | ਇਸ ਤੋਂ ਇਲਾਵਾ ਲੜਕੀਆਂ ਦੇ ਸੁਨਹਿਰੀ ਭਵਿੱਖ ਲਈ ਸੁਕੰਨਿਆ ਸਮਿ੍ਧੀ ਯੋਜਨਾ ਅਤੇ ਪਰਿਵਾਰ ਦੀ ਆਰਥਿਕ ਸੁਰੱਖਿਆ ਲਈ ਡਾਕ ਜੀਵਨ ਬੀਮਾ ਯੋਜਨਾਵਾਂ ਬਾਰੇ ਵੀ ਜਾਗਰੂਕ ਕੀਤਾ ਗਿਆ ਡਾਕ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਡਾਕਘਰ ਦੀਆਂ ਵੱਖ-ਵੱਖ ਸਕੀਮਾਂ ਦੀ ਜਾਣਕਾਰੀ ਪ੍ਰਾਪਤ ਕਰਕੇ ਆਪਣੀ ਲੋੜ ਅਨੁਸਾਰ ਇਨ੍ਹਾਂ ਦਾ ਲਾਭ ਉਠਾਉਣ | ਇਸ ਮੌਕੇ ਸੁਪਰਡੈਂਟ ਵਿਕਾਸ ਸ਼ਰਮਾ, ਇੰਸਪੈਕਟਰ ਵਰਿੰਦਰ ਸਿੰਘ ਪੰਨੂ, ਪੋਸਟਮਾਸਟਰ ਰਣਜੀਵ ਕੁਮਾਰ, ਕੇਤਨ ਖੋਸਲਾ, ਵਿਪਨ ਕੁਮਾਰ,ਚਮਨ ਲਾਲ, ਰੋਹਿਤ ਕੁਮਾਰ,ਗੁਰਦੀਪ ਸਿੰਘ, ਗੁਰਮੀਤ ਸਿੰਘ, ਰਾਜਕੁਮਾਰੀ, ਨੀਤੂ, ਚੰਦਨ ਅਤੇ ਹੋਰ ਹਾਜ਼ਰ ਸਨ |