ਫਗਵਾੜਾ ’ਚ ਨਾਜਾਇਜ਼ ਸ਼ਰਾਬ ਦੀ ਰੋਕਥਾਮ ਲਈ ਆਬਕਾਰੀ ਵਿਭਾਗ ਦੀ ਛਾਪੇਮਾਰੀ
ਫਗਵਾੜਾ, 23 ਅਕਤੂਬਰ (ਹਰਜੋਤ ਸਿੰਘ ਚਾਨਾ)-ਆਬਕਾਰੀ ਵਿਭਾਗ ਵੱਲੋਂ ਨਾਜਾਇਜ਼ ਸ਼ਰਾਬ ਦੀ ਵਿੱਕਰੀ ਤੇ ਗੈਰ-ਕਾਨੂੰਨੀ ਸਰਗਰਮੀਆਂ ਨੂੰ ਰੋਕਣ ਲਈ ਫਗਵਾੜਾ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਛਾਪੇਮਾਰੀ ਕੀਤੀ ਗਈ | ਇਸ ਦੌਰਾਨ ਪਿੰਡ ਸਤਨਾਮਪੁਰਾ, ਭਾਣੋਕੀ ਤੇ ਚਾਚੋਕੀ ‘ਚ ਖ਼ਾਲੀ ਪਈਆਂ ਇਮਾਰਤਾਂ ਦੀ ਤਲਾਸ਼ੀ ਲਈ ਗਈ | ਇਸ ਤੋਂ ਇਲਾਵਾ ਫਗਵਾੜਾ ਸਬ-ਡਵੀਜ਼ਨ ਅਧੀਨ ਆਉਂਦੇ ਬਾਰਾਂ ਅਤੇ ਮੈਰਿਜ ਪੈਲੇਸਾਂ ਦੀ ਵੀ ਜਾਂਚ ਕੀਤੀ ਗਈ | ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਇਹ ਕਾਰਵਾਈ 22 ਅਕਤੂਬਰ ਨੂੰ ਉਪ ਕਮਿਸ਼ਨਰ (ਆਬਕਾਰੀ), ਜਲੰਧਰ ਜ਼ੋਨ, ਰਣਜੀਤ ਸਿੰਘ ਤੇ ਸਹਾਇਕ ਕਮਿਸ਼ਨਰ (ਆਬਕਾਰੀ), ਕਪੂਰਥਲਾ ਰੇਂਜ, ਨਵਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਕੀਤੀ ਗਈ | ਸ੍ਰੀ ਸੁਖਜੀਤ ਸਿੰਘ ਦੀ ਅਗਵਾਈ ਹੇਠ ਆਬਕਾਰੀ ਨਿਰੀਖਕ ਮਨਜੀਤ ਕੌਰ ਤੇ ਸਿਮਰਨਜੀਤ ਸਿੰਘ ਦੀ ਟੀਮ ਨੇ ਵੱਖ-ਵੱਖ ਥਾਵਾਂ ਦੀ ਜਾਂਚ ਕੀਤੀ | ਟੀਮਾਂ ਵੱਲੋਂ ਖ਼ਾਲੀ ਪਈਆਂ ਇਮਾਰਤਾਂ ਤੇ ਹੋਰ ਸ਼ੱਕੀ ਥਾਵਾਂ ਦੀ ਤਲਾਸ਼ੀ ਲਈ ਗਈ | ਇਸ ਦੇ ਨਾਲ ਹੀ ਲੋਕਾਂ ਨੂੰ ਨਾਜਾਇਜ਼ ਸ਼ਰਾਬ ਦੇ ਸੇਵਨ ਅਤੇ ਇਸ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਗਿਆ | ਵਿਭਾਗ ਵੱਲੋਂ ਬਾਰਾਂ ਅਤੇ ਮੈਰਿਜ ਪੈਲੇਸਾਂ ਦੀ ਜਾਂਚ ਦੌਰਾਨ ਖ਼ਾਲੀ ਸ਼ਰਾਬ ਦੀਆਂ ਬੋਤਲਾਂ ਨੂੰ ਤੋੜਿਆ ਗਿਆ, ਤਾਂ ਜੋ ਇਨ੍ਹਾਂ ਦੀ ਗੈਰ-ਕਾਨੂੰਨੀ ਵਰਤੋਂ ਨੂੰ ਰੋਕਿਆ ਜਾ ਸਕੇ | ਵਿਭਾਗ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਦੀ ਰੋਕਥਾਮ ਲਈ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਮੁਨਾਦੀ ਵੀ ਕਰਵਾਈ ਜਾਵੇਗੀ | ਕਪੂਰਥਲਾ ਸਬ-ਡਵੀਜ਼ਨ ‘ਚ ਆਬਕਾਰੀ ਨਿਰੀਖਕ ਸਿਮਰਨਜੀਤ ਸਿੰਘ ਅਤੇ ਸੁਲਤਾਨਪੁਰ ਲੋਧੀ ਸਬ-ਡਵੀਜ਼ਨ ਵਿਚ ਜਤਿੰਦਰਪਾਲ ਸਿੰਘ ਵੱਲੋਂ ਵੀ ਆਪਣੇ-ਆਪਣੇ ਖੇਤਰਾਂ ਵਿਚ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ | ਵਿਭਾਗ ਨੇ ਸਪਸ਼ਟ ਕੀਤਾ ਕਿ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਰੋਕਣ ਲਈ ਆਉਣ ਵਾਲੇ ਦਿਨਾਂ ਵਿਚ ਵੀ ਛਾਪੇਮਾਰੀ ਅਤੇ ਜਾਂਚ ਮੁਹਿੰਮ ਜਾਰੀ ਰਹੇਗੀ |