ਨਵੀਂ ਦਿੱਲੀ, 25 ਜੁਲਾਈ - ਮਨੀਪੁਰ ਵਿਚ ਰਾਸ਼ਟਰਪਤੀ ਸ਼ਾਸਨ ਛੇ ਮਹੀਨਿਆਂ ਲਈ ਵਧਾਇਆ ਜਾਵੇਗਾ, ਜੋ 13 ਅਗਸਤ, 2025 ਤੋਂ ਪ੍ਰਭਾਵੀ ਹੋਵੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਇਸ ਸੰਬੰਧ ਵਿਚ ਦਿੱਤੇ ਗਏ ਵਿਧਾਨਕ ਮਤੇ ਨੂੰ ਰਾਜ ਸਭਾ ਵਿਚ ਪ੍ਰਵਾਨ ਕਰ ਲਿਆ ਗਿਆ।
ਵਿਧਾਨਕ ਮਤੇ ਵਿਚ ਕਿਹਾ ਗਿਆ ਹੈ- "ਇਹ ਸਦਨ ਸੰਵਿਧਾਨ ਦੀ ਧਾਰਾ 356 ਦੇ ਤਹਿਤ ਮਨੀਪੁਰ ਦੇ ਸੰਬੰਧ ਵਿਚ 13 ਫਰਵਰੀ, 2025 ਨੂੰ ਰਾਸ਼ਟਰਪਤੀ ਵਲੋਂ ਜਾਰੀ ਕੀਤੇ ਗਏ ਐਲਾਨ ਨੂੰ 13 ਅਗਸਤ, 2025 ਤੋਂ ਛੇ ਮਹੀਨਿਆਂ ਦੀ ਮਿਆਦ ਲਈ ਜਾਰੀ ਰੱਖਣ ਨੂੰ ਮਨਜ਼ੂਰੀ ਦਿੰਦਾ ਹੈ।"ਸੰਵਿਧਾਨ ਦੀ ਧਾਰਾ 356 (3) ਦੇ ਤਹਿਤ, ਸੰਸਦ ਦੀ ਪ੍ਰਵਾਨਗੀ ਨਾਲ ਰਾਸ਼ਟਰਪਤੀ ਸ਼ਾਸਨ ਨੂੰ ਛੇ ਮਹੀਨਿਆਂ ਲਈ ਵਧਾਇਆ ਜਾ ਸਕਦਾ ਹੈ।ਇਹ ਤਿੰਨ ਸਾਲਾਂ ਤੱਕ ਕੀਤਾ ਜਾ ਸਕਦਾ ਹੈ।
9 ਫਰਵਰੀ, 2025 ਨੂੰ ਮੁੱਖ ਮੰਤਰੀ ਐਨ. ਬੀਰੇਨ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਮਨੀਪੁਰ ਵਿਚ 13 ਫਰਵਰੀ ਨੂੰ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਗਿਆ ਸੀ।