ਕਪੂਰਥਲਾ, 30 ਜੁਲਾਈ (ਅਮਨਜੋਤ ਸਿੰਘ ਵਾਲੀਆ)-ਕੇਂਦਰੀ ਜੇਲ੍ਹ ਵਿਚ ਇਕ ਹਵਾਲਾਤੀ ਦੀ ਭੇਤਭਰੀ ਹਾਲਤ ਵਿਚ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਵਿਖੇ ਤਾਇਨਾਤ ਡਿਊਟੀ ਡਾਕਟਰ ਜਸ਼ਨ ਨੇ ਦੱਸਿਆ ਕਿ ਯੋਗਰਾਜ ਸਿੰਘ ਉਰਫ਼ ਗੱਗੀ ਪੁੱਤਰ ਤੀਰਥ ਉਰਫ਼ ਪਾਲਾ, ਜਿਸ ਨੂੰ ਜੇਲ੍ਹ ਕਰਮਚਾਰੀ ਸਿਹਤ ਖਰਾਬ ਹੋਣ 'ਤੇ ਸਵੇਰੇ 3 ਵਜੇ ਦੇ ਕਰੀਬ ਸਿਵਲ ਹਸਪਤਾਲ ਕਪੂਰਥਲਾ ਵਿਖੇ ਲੈ ਕੇ ਆਏ, ਜਦੋਂ ਉਸ ਦੀ ਜਾਂਚ ਕੀਤੀ ਗਈ ਤਾਂ ਉਸਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਹਵਾਲਾਤੀ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਖੇ ਰਖਵਾ ਦਿੱਤਾ ਗਿਆ ਹੈ।
ਏ.ਐਸ.ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਡਾਕਟਰਾਂ ਦਾ ਬੋਰਡ ਬਣਵਾ ਕੇ ਮਾਣਯੋਗ ਜੱਜ ਦੀ ਹਾਜ਼ਰੀ ਵਿਚ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕੀਤੀ ਜਾਵੇਗੀ। ਇਸ ਦੌਰਾਨ ਮ੍ਰਿਤਕ ਹਵਾਲਾਤੀ ਦੀ ਮਾਤਾ ਬਲਬੀਰ ਕੌਰ ਨੇ ਉਸ ਦੇ ਲੜਕੇ ਦੇ ਜੇਲ੍ਹ ਵਿਚ ਕਤਲ ਹੋਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਉਸਦਾ ਲੜਕਾ ਪਿਛਲੇ ਦੋ ਸਾਲਾਂ ਤੋਂ ਜੇਲ੍ਹ ਵਿਚ ਬੰਦ ਸੀ ਅਤੇ ਇਸ ਸਮੇਂ ਚੱਕੀਆਂ ਵਿਚ ਸਜ਼ਾ ਭੁਗਤ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੇਰੇ ਲੜਕੇ ਨੂੰ ਰੰਜਿਸ਼ ਤਹਿਤ ਕਤਲ ਕੀਤਾ ਗਿਆ ਹੈ ਅਤੇ ਉਸ ਉੱਪਰ ਅਤੇ ਉਸ ਦੇ ਸਾਥੀਆਂ 'ਤੇ ਪਹਿਲਾਂ ਵੀ ਕਈ ਵਾਰ ਹਮਲੇ ਹੋ ਚੁੱਕੇ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।