ਬੰਗਾ, 22 ਅਗਸਤ (ਕੁਲਦੀਪ ਸਿੰਘ ਪਾਬਲਾ)-ਧੰਨ ਧੰਨ ਨਾਭ ਕੰਵਲ ਬਾਬਾ ਰਾਜਾ ਸਾਹਿਬ ਜੀ ਦੇ ਅਸਥਾਨ ਉਤੇ ਲੱਗੇ ਤਿੰਨ ਦਿਨਾ ਮੇਲੇ ਦੌਰਾਨ ਸੰਗਤਾਂ ਵਲੋਂ ਆਪਣੇ ਮੋਬਾਇਲ ਫੋਨ ਤੇ ਹੋਰ ਸਾਮਾਨ ਦਾ ਸਾਵਧਾਨੀ ਨਾਲ ਖਿਆਲ ਰੱਖਿਆ ਜਾਵੇ, ਇਸ ਮੇਲੇ ਵਿਚ ਦੂਰ-ਦੂਰ ਤੋਂ ਆਏ ਲੁਟੇਰੇ ਇਥੇ ਲੁੱਟਾਂ-ਖੋਹਾਂ ਨੂੰ ਅੰਜਾਮ ਦੇ ਰਹੇ ਹਨ। ਐਸ.ਐਚ.ਓ. ਵਰਿੰਦਰ ਕੁਮਾਰ ਨੇ ਦੱਸਿਆ ਕਿ ਗੜ੍ਹਸ਼ੰਕਰ ਚੌਕ ਬੰਗਾ ਵਿਖੇ ਹਰਜੀਤ ਸਿੰਘ ਨਾਮ ਦਾ ਵਿਅਕਤੀ ਜੋ ਕਿ ਨਿੱਜੀ ਕੰਪਨੀ ਵਿਚ ਕੰਮ ਕਰਦਾ ਹੈ ਤੇ ਜਦੋਂ ਉਹ ਪਿੰਡ ਅਪੱਰੇ ਤੋਂ ਆ ਕੇ ਗੜ੍ਹਸ਼ੰਕਰ ਚੌਕ ਵਿਚ ਕਿਸੇ ਨਾਲ ਫੋਨ ਉਤੇ ਗੱਲ ਕਰ ਰਿਹਾ ਸੀ ਤਾਂ ਪਿੱਛੋਂ ਆ ਰਹੇ ਪੀ. ਬੀ. 020 2886 ਨੰ: ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਉਸ ਦੇ ਹੱਥ ਵਿਚੋਂ ਮੋਬਾਇਲ ਖੋਹ ਲਿਆ ਤੇ ਫਰਾਰ ਹੋਣ ਲੱਗੇ ਤਾਂ ਅੱਗੇ ਜਾ ਰਹੇ ਕਿਸੇ ਹੋਰ ਮੋਟਰਸਾਈਕਲ ਵਿਚ ਜਾ ਵੱਜਾ, ਜਿਸ ਕਾਰਨ ਉਹ ਚੌਕ ਵਿਚ ਹੀ ਡਿੱਗ ਗਏ।
ਉਸ ਦਾ ਇਕ ਸਾਥੀ ਭੱਜਣ ਵਿਚ ਸਫਲ ਹੋ ਗਿਆ ਅਤੇ ਇਕ ਲੁਟੇਰਾ ਰਾਜਾ ਸੁਭਾਨਪੁਰ ਜ਼ਿਲ੍ਹਾ ਗੁਰਦਾਸਪੁਰ ਨੂੰ ਲੋਕਾਂ ਨੇ ਫੜ ਲਿਆ ਅਤੇ ਸਿਟੀ ਥਾਣਾ ਬੰਗਾ ਵਿਚ ਫੋਨ ਕੀਤਾ। ਥਾਣਾ ਮੁਖੀ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਮੌਕੇ ਉਤੇ ਪਹੁੰਚ ਕੇ ਲੁਟੇਰਾ ਅਤੇ ਉਸ ਦਾ ਮੋਟਰਸਾਈਕਲ ਕਾਬੂ ਕਰ ਲਿਆ ਹੈ। ਇਸ ਘਟਨਾ ਤੋਂ ਬਾਅਦ ਐਸ. ਐਚ. ਓ. ਵਰਿੰਦਰ ਕੁਮਾਰ ਸਿਟੀ ਥਾਣਾ ਬੰਗਾ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਇਸ ਤਿੰਨ ਦਿਨਾਂ ਮੇਲੇ ਵਿਚ ਰਾਜਾ ਸਾਹਿਬ ਦੇ ਦਰਸ਼ਨਾਂ ਲਈ ਆਈਆਂ ਸੰਗਤਾਂ ਆਪਣੇ ਸਾਮਾਨ ਦਾ ਖਿਆਲ ਜ਼ਰੂਰ ਰੱਖਣ ਅਤੇ ਜੇ ਕੋਈ ਸ਼ੱਕੀ ਵਿਅਕਤੀ ਦਿਸੇ ਤਾਂ ਪੁਲਿਸ ਨੂੰ ਇਤਲਾਹ ਦੇਣ।