09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2025

ਕੋਲਕਾਤਾ ਵਿਖੇ 350 ਸਾਲਾ ਸ਼ਤਾਬਦੀ ਸਬੰਧੀ ਵਿਸ਼ਾਲ ਗੁਰਮਤਿ ਸਮਾਗਮ ’ਚ ਜਥੇਦਾਰ ਗੜਗੱਜ ਨੇ ਕੀਤੀ ਸ਼ਮੂਲੀਅਤ

ਅੰਮ੍ਰਿਤਸਰ, 15 ਸਤੰਬਰ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ....

Ad Position 21
No active advertisement
ਅਜੀਤ ਡੈਸਕ 15-09-2025

ਅੰਮ੍ਰਿਤਸਰ, 15 ਸਤੰਬਰ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼੍ਰੋਮਣੀ ਕਮੇਟੀ, ਸ੍ਰੀ ਗੁਰੂ ਸਿੰਘ ਸਭਾ ਕਲਕੱਤਾ ਤੇ ਪੱਛਮੀ ਬੰਗਾਲ ਦੇ ਸਮੂਹ ਗੁਰੂ ਘਰਾਂ ਦੀ ਸਾਂਝੀ ਸ਼ਤਾਬਦੀ ਕਮੇਟੀ ਵਲੋਂ ਕੋਲਕਾਤਾ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਿਆਈ ਦਿਵਸ ਨੂੰ ਸਮਰਪਿਤ ਸਾਂਝੇ ਰੂਪ ਵਿਚ ਕਰਵਾਏ ਗਏ ਗੁਰਮਤਿ ਸਮਾਗਮ ਵਿਚ ਸ਼ਮੂਲੀਅਤ ਕੀਤੀ ਅਤੇ ਸਿੱਖਾਂ ਨੂੰ ਕੌਮੀ ਭਾਵਨਾ ਅਨੁਸਾਰ ਇਕਜੁੱਟ ਹੋਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਕੋਲਕਾਤਾ ਤੇ ਪੱਛਮੀ ਬੰਗਾਲ ਦੀ ਸੰਗਤ ਨੇ ਸਮਾਗਮ ਵਿਚ ਭਰਵੀਂ ਸ਼ਮੂਲੀਅਤ ਕੀਤੀ, ਜਿਸ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਮੀਤ ਸਿੰਘ ਸ਼ਾਂਤ ਦੇ ਰਾਗੀ ਜਥੇ, ਕਥਾਵਾਚਕ ਭਾਈ ਬਲਦੇਵ ਸਿੰਘ ਪਾਉਂਟਾ ਸਾਹਿਬ ਵਾਲੇ ਤੇ ਭਾਈ ਜੋਗਾ ਸਿੰਘ ਭਾਗੋਵਾਲੀਆ ਦੇ ਕਵੀਸ਼ਰ ਜਥੇ ਨੇ ਸੰਗਤ ਨੂੰ ਗੁਰਬਾਣੀ ਕੀਰਤਨ, ਗੁਰ ਇਤਿਹਾਸ ਤੇ ਕਥਾ ਵਿਚਾਰ ਨਾਲ ਜੋੜਿਆ।

ਸੰਗਤਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਭਗਤ ਜੈਦੇਵ ਜੀ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ, ਉਹ ਕੇਂਦਰੀ ਨਗਰ (ਪੱਛਮੀ ਬੰਗਾਲ) ਦੇ ਸਨ ਅਤੇ ਇਸ ਧਰਤੀ ’ਤੇ ਆਪਣੀਆਂ ਪ੍ਰਚਾਰ ਫੇਰੀਆਂ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਵੀ ਆਏ ਸਨ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਤੇ ਖ਼ਾਸਕਰ ਕੋਲਕਾਤਾ ਨਾਲ ਸਿੱਖਾਂ ਦੀ ਪੁਰਾਣੀ ਸਾਂਝ ਰਹੀ ਹੈ, ਇਥੇ ਹੀ ਬਜ ਬਜ ਘਾਟ ’ਤੇ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਵਿਚ ਕੈਨੇਡਾ ਦੀ ਧਰਤੀ ਤੋਂ ਮੋੜੇ ਗਏ ਗੁਰੂ ਨਾਨਕ ਜਹਾਜ਼ ਵਿਚ ਪਰਤੇ ਅਤੇ ਪੰਜਾਬੀਆਂ ਉੱਤੇ ਅੰਗਰੇਜ਼ੀ ਹਕੂਮਤ ਵਲੋਂ ਤਸ਼ੱਦਦ ਕੀਤਾ ਗਿਆ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਵੀ ਇਸ ਇਲਾਕੇ ਵਿਚ ਚੰਗੇ ਕਾਰਜ ਕੀਤੇ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਪਛਾਣ ਵੱਖਰੀ ਹੈ, ਸਿੱਖ ਵੱਖਰੀ ਕੌਮ ਹੈ ਅਤੇ ਦੁਨੀਆ ਦੀ ਕੋਈ ਵੀ ਤਾਕਤ ਜੇਕਰ ਸਾਨੂੰ ਜਜ਼ਬ ਕਰਨ ਦੀ ਗੱਲ ਕਰੇ ਤੇ ਸਾਡੀ ਵੱਖਰੀ ਪਛਾਣ ਉੱਤੇ ਸਵਾਲ ਚੁੱਕੇ ਤਾਂ ਉਨ੍ਹਾਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਸਿੱਖ ਆਪਣੀ ਪਛਾਣ ਲਈ ਦ੍ਰਿੜ੍ਹਤਾ ਨਾਲ ਲੜਣਗੇ ਤੇ ਕਿਸੇ ਵੀ ਹੱਦ ਤੱਕ ਜਾਣਗੇ।

ਉਨ੍ਹਾਂ ਕਲਕੱਤੇ ਤੇ ਪੱਛਮ ਬੰਗਾਲ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਕਿਹਾ ਕਿ ਇਸ ਸ਼ਤਾਬਦੀ ਸਮਾਗਮ ਦੀ ਤਰ੍ਹਾਂ ਹਮੇਸ਼ਾ ਹੀ ਆਪਸ ਵਿਚ ਤਾਲਮੇਲ ਤੇ ਇਕਜੁੱਟਤਾ ਨਾਲ ਰਹਿਣ। ਉਨ੍ਹਾਂ ਕਲਕੱਤੇ ਦੇ ਸਮੂਹ ਸਿੱਖਾਂ ਤੇ ਨੌਜਵਾਨਾਂ ਨੂੰ ਸਾਬਤ ਸੂਰਤ ਹੋ ਕੇ ਆਪਣੀ ਸਿੱਖ ਪਛਾਣ ਕਾਇਮ ਰੱਖਣ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਅਤੇ ਆਪਣੇ ਘਰਾਂ ਵਿਚ ਗੁਰਬਾਣੀ ਦੇ ਪਹਿਰੇ ਵਧਾਉਣ ਲਈ ਪ੍ਰੇਰਣਾ ਕੀਤੀ। ਉਨ੍ਹਾਂ ਸਮੂਹ ਸਿੱਖ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਗੁਰਮੁਖੀ ਪੰਜਾਬੀ ਸਿਖਾਉਣ ਤੇ ਆਪਣੇ ਘਰਾਂ ਵਿੱਚ ਪੰਜਾਬੀ ਬੋਲਣ ਤੇ ਪੜ੍ਹਨ ਲਈ ਵੀ ਪ੍ਰੇਰਿਆ।

ਜਥੇਦਾਰ ਗੜਗੱਜ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਜਾ ਰਹੇ ਗੁਰਮਤਿ ਸਮਾਗਮਾਂ ਦੀ ਸ਼ਲਾਘਾ ਕੀਤੀ। ਪੱਛਮੀ ਬੰਗਾਲ ਦੀ ਸੰਗਤ ਵਲੋਂ ਕਲਕੱਤਾ ਦੇ ਨੇਤਾ ਜੀ ਇਨਡੋਰ ਸਟੇਡੀਅਮ ਵਿਖੇ ਕਰਵਾਏ ਗਏ ਸ਼ਤਾਬਦੀ ਸਮਾਗਮ ਲਈ ਸੂਬਾ ਸਰਕਾਰ, ਸਥਾਨਕ ਪ੍ਰਸ਼ਾਸਨ, ਮੁੱਖ ਮੰਤਰੀ ਮਮਤਾ ਬੈਨਰਜੀ ਤੇ ਸਾਂਸਦ ਸ੍ਰੀ ਅਭਿਸ਼ੇਕ ਬੈਨਰਜੀ ਵਲੋਂ ਸਹਿਯੋਗ ਕਰਦਿਆਂ ਸਟੇਡੀਅਮ ਵਿਖੇ ਗੁਰਮਤਿ ਸਮਾਗਮ ਕਰਵਾਉਣ ਲਈ ਸੇਵਾ ਭਾਵਨਾ ਨਾਲ ਥਾਂ ਭੇਟਾ ਰਹਿਤ ਮੁਹੱਈਆ ਕਰਵਾਈ ਗਈ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਗੁਰਿੰਦਰਪਾਲ ਸਿੰਘ ਗੋਰਾ, ਭਾਈ ਗੁਰਪ੍ਰੀਤ ਸਿੰਘ ਕਾਰ ਸੇਵਾ ਖਡੂਰ ਸਾਹਿਬ, ਬਾਬਾ ਘੋਲਾ ਸਿੰਘ ਜੀ ਕਾਰ ਸੇਵਾ ਸਰਹਾਲੀ ਵਾਲੇ, ਸ. ਗੁਰਬਖ਼ਸ਼ ਸਿੰਘ ਲੋਪੋਂ ਪ੍ਰਧਾਨ ਸ੍ਰੀ ਗੁਰੂ ਸਿੰਘ ਸਭਾ ਕਲਕੱਤਾ, ਸ. ਗੁਰਮੀਤ ਸਿੰਘ ਸੇਖੋਂ ਪ੍ਰਧਾਨ ਗੁਰਦੁਆਰਾ ਬੜਾ ਸਿੱਖ ਸੰਗਤ ਕਲਕੱਤਾ, ਸ. ਰਣਜੀਤ ਸਿੰਘ ਖਮਾਣੋ ਪ੍ਰਧਾਨ ਸ਼ਤਾਬਦੀ ਕਮੇਟੀ, ਸ. ਜਗਮੋਹਨ ਸਿੰਘ ਗਿੱਲ ਇੰਚਾਰਜ ਸਿੱਖ ਮਿਸ਼ਨ ਕਲਕੱਤਾ (ਪੂਰਬੀ ਭਾਰਤ), ਨਿੱਜੀ ਸਹਾਇਕ ਭਾਈ ਬਲਦੇਵ ਸਿੰਘ, ਮੀਡੀਆ ਸਲਾਹਕਾਰ ਸ. ਜਸਕਰਨ ਸਿੰਘ, ਪ੍ਰਚਾਰਕ ਭਾਈ ਗੁਰਵਿੰਦਰ ਸਿੰਘ, ਭਾਈ ਦਲਜੀਤ ਸਿੰਘ ਚਾੜ੍ਹਕੇ ਮੁੱਖ ਗ੍ਰੰਥੀ, ਭਾਈ ਜਰਨੈਲ ਸਿੰਘ ਬਸਰਾਵਾਂ ਕਥਾਵਾਚਕ, ਭਾਈ ਗੁਰਪ੍ਰੀਤ ਸਿੰਘ ਚੈਨਾ ਸਮੇਤ ਵੱਡੀ ਗਿਣਤੀ ਵਿਚ ਸਿੱਖ ਸੰਗਤ ਹਾਜ਼ਰ ਸੀ।

Ad Position 22
No active advertisement
ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਖੇਤਰ ਦਾ ਜਾਇਜ਼ਾ ਲੈਣ ਲਈ ਰਾਹੁਲ ਗਾਂਧੀ ਘੋਨੇਵਾਲਾ (ਅਜਨਾਲਾ) ਪੁੱਜੇ ਅਗਲੀ ਖ਼ਬਰ ਸ਼ੁਭਮਨ ਗਿੱਲ ਨੇ ਜਿੱਤ ਪਹਿਲਗਾਮ ਪੀੜਤਾਂ ਤੇ ਫ਼ੌਜ ਨੂੰ ਕੀਤੀ ਸਮਰਪਿਤ
Ad Position 24