ਅਟਾਰੀ, ਅੰਮ੍ਰਿਤਸਰ, 21 ਸਤੰਬਰ (ਰਾਜਿੰਦਰ ਸਿੰਘ, ਗੁਰਦੀਪ ਸਿੰਘ)-ਪਾਕਿਸਤਾਨ ਵਲੋਂ ਪਹਿਲਗਾਮ ਜੰਮੂ-ਕਸ਼ਮੀਰ ਵਿਖ਼ੇ ਭਾਰਤੀ ਸੈਲਾਨੀਆਂ ਉਤੇ ਹਮਲੇ ਤੋਂ ਬਾਅਦ ਦੋਵੇਂ ਦੇਸ਼ਾਂ ਦਰਮਿਆਨ ਵਿਗੜੇ ਹਾਲਾਤ ਤੋਂ ਬਾਅਦ ਪਿਛਲੇ ਲੰਮੇ ਸਮੇਂ ਤੋਂ ਬੰਦ ਕੀਤੇ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਭਾਰਤੀ ਸਿੱਖ ਸੰਗਤਾਂ ਦੇ ਦਰਸ਼ਨ ਦੀਦਾਰਿਆਂ ਲਈ ਜਲਦ ਤੋਂ ਜਲਦ ਖੋਲ੍ਹਿਆ ਜਾਵੇ I ਇਹ ਸ਼ਬਦ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਮੀਤ ਪ੍ਰਧਾਨ ਤੇ ਸੀਨੀਅਰ ਆਗੂ ਬੀਬੀ ਮਨਦੀਪ ਕੌਰ ਸੰਧੂ ਨੇ ਕਹੇ। ਉਨ੍ਹਾਂ ਕਿਹਾ ਕਿ ਜਿਥੇ ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਦਰਸ਼ਕਾਂ ਦੇ ਮਨੋਰੰਜਨ ਲਈ ਕ੍ਰਿਕਟ ਮੈਚ ਖੇਡੇ ਜਾ ਰਹੇ ਹਨ, ਭਾਰਤ-ਪਾਕਿਸਤਾਨ ਦਰਮਿਆਨ ਮੁੰਬਈ ਕਰਾਚੀ ਰਸਤੇ ਵਪਾਰ ਚੱਲ ਰਿਹਾ ਤੇ ਫਿਰ ਪੰਜਾਬ ਨਾਲ ਧੱਕਾ ਕਰਦਿਆਂ ਅਟਾਰੀ ਵਾਹਗਾ ਸਰਹੱਦ ਉਤੇ ਭਾਰਤੀ ਸਿੱਖ ਸੰਗਤ ਲਈ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਨਾਰੋਵਾਲ ਦੇ ਦਰਸ਼ਨ ਦੀਦਾਰੇ ਕੋਰੀਡੋਰ ਨੂੰ ਬੰਦ ਕਰਨਾ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਠੇਸ ਪਹੁੰਚਾਉਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ 22 ਸਤੰਬਰ ਨੂੰ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਹਾੜਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਵੱਡੀ ਪੱਧਰ ਉਤੇ ਪਾਕਿਸਤਾਨੀ ਸਿੱਖ ਸੰਗਤਾਂ ਮਨਾ ਰਹੀਆਂ ਹਨ, ਉਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਜੋ ਕਿ ਨਵੰਬਰ ਮਹੀਨੇ ਜਨਮ ਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਮਨਾਇਆ ਜਾਣਾ ਹੈ, ਉਥੇ ਜਾਣ ਲਈ ਵੀ ਸੰਗਤਾਂ ਨੂੰ ਜਲਦ ਤੋਂ ਜਲਦ ਵੀਜ਼ੇ ਦੇ ਕੇ ਅਟਾਰੀ ਸਰਹੱਦ ਰਸਤਾ ਖੋਲ੍ਹ ਕੇ ਭਾਰਤ ਤੋਂ ਪਾਕਿਸਤਾਨ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਭਾਰਤੀ ਸਿੱਖ ਸੰਗਤਾਂ ਦੇ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਦੀਦਾਰਿਆਂ ਦੀ ਤਾਂਗ ਬਹੁਤ ਜ਼ਿਆਦਾ ਹੋਣ ਕਰਕੇ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਰਸਤਾ ਵੀ ਖੋਲ੍ਹਿਆ ਜਾਵੇ