ਪਟਿਆਲਾ, 21 ਸਤੰਬਰ -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਚੀਫ ਸੈਕਟਰੀ ਪੰਜਾਬ ਸਰਕਾਰ, ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ, ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਫ਼ਤਹਿਗੜ੍ਹ ਸਾਹਿਬ ਵਿਖੇ ਲੱਗਣ ਵਾਲੇ ਸਲਾਨਾ ਸ਼ਹੀਦੀ ਜੋੜ ਮੇਲ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਪਟਿਆਲਾ ਤੋਂ ਸਰਹਿੰਦ ਤੱਕ ਨਵੀਂ ਬਣਨ ਵਾਲੀ ਸੜਕ ਦਾ ਜਲਦੀ ਕੰਮ ਮੁਕੰਮਲ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਸ੍ਰੀ ਫ਼ਤਹਿਗੜ੍ਹ ਸਾਹਿਬ (ਸਰਹਿੰਦ) ਦੀ ਧਰਤੀ ਉਤੇ ਦਸਮੇਸ਼ ਪਿਤਾ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਨੇ ਸ਼ਹੀਦੀ ਦਿੱਤੀ ਅਤੇ ਵਿਸ਼ਵ ਦਾ ਸਭ ਤੋਂ ਵੱਡਾ ਖੂਨੀ ਸਾਕਾ 'ਸਾਕਾ ਸਰਹੰਦ ਮਿਤੀ 25, 26, 27 ਦਸੰਬਰ 1704 ਈ. ਨੂੰ ਵਾਪਰਿਆ ਸੀ। ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਹਰ ਸਾਲ ਵੱਡਾ ਸਾਕਾ ਕਰਨ ਵਾਲੀਆਂ ਉਨ੍ਹਾਂ ਮਹਾਨ ਨਿੱਕੀਆਂ ਜਿੰਦਾਂ ਨੂੰ ਪੂਰੀ ਸ਼ਰਧਾ, ਸਤਿਕਾਰ ਅਤੇ ਨਿਮਰਤਾ ਨਾਲ ਸਿਜਦਾ ਕਰਨ ਲਈ ਆਉਂਦੀਆਂ ਹਨ।
ਇਸ ਸ਼ਹੀਦੀ ਯਾਤਰਾ ਵਿਚ ਸ਼ਾਮਿਲ ਹੋਣ ਵਾਲੀਆਂ ਸੰਗਤਾਂ ਦੀ ਭਾਰੀ ਗਿਣਤੀ ਵਿਚ ਅਵਾਜਾਈ ਹਰ ਸਾਲ 1 ਨਵੰਬਰ ਤੋਂ ਆਰੰਭ ਹੋ ਕੇ 15 ਜਨਵਰੀ ਤੀਕ ਨਿਰੰਤਰ ਜਾਰੀ ਰਹਿੰਦੀ ਹੈ ਅਤੇ ਮਿਤੀ 25, 26 ਅਤੇ 27 ਦਸੰਬਰ ਨੂੰ ਤਾਂ ਬਹੁਤ ਹੀ ਭਾਰੀ ਗਿਣਤੀ ਵਿਚ ਸੰਗਤਾਂ ਸਾਹਿਬਜ਼ਾਦਿਆਂ ਨੂੰ ਨਤਮਸਤਕ ਹੋਣ ਲਈ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਲਾਂਡਰਾਂ (ਜ਼ਿਲ੍ਹਾ ਮੁਹਾਲੀ), ਮੋਰਿੰਡਾ, ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ ਅਤੇ ਪਟਿਆਲਾ ਤੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਤੱਕ ਬਹੁਤ ਹੀ ਭਾਰੀ ਗਿਣਤੀ ਵਿਚ ਸੰਗਤਾਂ ਆਉਂਦੀਆਂ ਹਨ , ਪਰੰਤੂ ਪਟਿਆਲਾ ਤੋਂ ਸਰਹਿੰਦ ਤੱਕ ਵੱਡੇ ਵੱਡੇ ਜਾਮ ਲਗਦੇ ਹਨ ਕਿਉਂਕਿ ਸੜਕ ਬਹੁਤ ਸੌੜੀ ਅਤੇ ਥੌੜੀ ਰਹਿ ਜਾਂਦੀ ਹੈ। ਸੜਕ ਦੇ ਦੋਵਾਂ ਪਾਸਿਆਂ ਉਤੇ ਸ਼ਰਧਾਲੂ ਸਿੱਖਾਂ ਵਲੋਂ ਗੁਰੂ ਕੇ ਲੰਗਰ ਵੀ ਸਜਾਏ ਜਾਂਦੇ ਹਨ।