ਨਵੀਂ ਦਿੱਲੀ, 22 ਸਤੰਬਰ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਰੋਸਾ ਪ੍ਰਗਟਾਇਆ ਕਿ ਭਾਰਤ ਬਿਨਾਂ ਕੋਈ ਹਮਲਾਵਰ ਕਦਮ ਚੁੱਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦਾ ਕੰਟਰੋਲ ਵਾਪਸ ਲੈ ਲਵੇਗਾ, ਕਿਉਂਕਿ ਇਸ ਖੇਤਰ ਦੇ ਲੋਕ ਖੁਦ ਮੌਜੂਦਾ ਪ੍ਰਸ਼ਾਸਨ ਤੋਂ ਆਜ਼ਾਦੀ ਦੀ ਮੰਗ ਕਰ ਰਹੇ ਹਨ।
ਮੰਤਰੀ ਨੇ ਮੋਰੋਕੋ ਵਿਚ ਭਾਰਤੀ ਭਾਈਚਾਰੇ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੀ.ਓ.ਕੇ. ਆਪਣੇ ਆਪ ਸਾਡਾ ਹੋਵੇਗਾ। ਪੀ.ਓ.ਕੇ. ਵਿਚ ਮੰਗਾਂ ਹੋਣੀਆਂ ਸ਼ੁਰੂ ਹੋ ਗਈਆਂ ਹਨ, ਤੁਸੀਂ ਨਾਅਰੇਬਾਜ਼ੀ ਸੁਣੀ ਹੋਵੇਗੀ। ਸਿੰਘ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਪੰਜ ਸਾਲ ਪਹਿਲਾਂ ਜੰਮੂ-ਕਸ਼ਮੀਰ ਵਿਚ ਇਕ ਭਾਰਤੀ ਫੌਜ ਦੇ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਇਹ ਹੀ ਗੱਲ ਦੁਹਰਾਈ ਸੀ।
ਉਨ੍ਹਾਂ ਕਿਹਾ ਕਿ ਮੈਂ ਪੰਜ ਸਾਲ ਪਹਿਲਾਂ ਕਸ਼ਮੀਰ ਘਾਟੀ ਵਿਚ ਇਕ ਪ੍ਰੋਗਰਾਮ ਵਿਚ ਭਾਰਤੀ ਫੌਜ ਨੂੰ ਸੰਬੋਧਨ ਕਰ ਰਿਹਾ ਸੀ, ਮੈਂ ਉਦੋਂ ਕਿਹਾ ਸੀ ਕਿ ਸਾਨੂੰ ਪੀ.ਓ.ਕੇ. ’ਤੇ ਹਮਲਾ ਕਰਨ ਅਤੇ ਕਬਜ਼ਾ ਕਰਨ ਦੀ ਜ਼ਰੂਰਤ ਨਹੀਂ ਪਵੇਗੀ, ਇਹ ਵੈਸੇ ਵੀ ਸਾਡਾ ਹੈ। ਪੀ.ਓ.ਕੇ. ਖੁਦ ਕਹੇਗਾ ਕਿ ‘ਮੈਂ ਭੀ ਭਾਰਤ ਹੂੰ’। ਉਹ ਦਿਨ ਆਵੇਗਾ।
ਮੰਤਰੀ ਦੀਆਂ ਇਹ ਟਿੱਪਣੀਆਂ ਉਸ ਸਮੇਂ ਆਈਆਂ ਹਨ ਜਦੋਂ ਇਹ ਦੋਸ਼ ਲਗਾਇਆ ਗਿਆ ਸੀ ਕਿ ਕੇਂਦਰ ਸਰਕਾਰ ਨੇ 7 ਮਈ ਨੂੰ ਆਪ੍ਰੇਸ਼ਨ ਸੰਧੂਰ ਦੌਰਾਨ ਪੀ.ਓ.ਕੇ. ’ਤੇ ਕਬਜ਼ਾ ਕਰਨ ਦਾ ਮੌਕਾ ਗੁਆ ਦਿੱਤਾ ਸੀ। ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਕਈ ਨੇਤਾਵਾਂ ਨੇ ਆਪ੍ਰੇਸ਼ਨ ਸੰਧੂਰ ਦੁਆਰਾ ਕਈ ਪਾਕਿਸਤਾਨੀ ਜੈੱਟਾਂ ਨੂੰ ਡੇਗਣ ਤੋਂ ਬਾਅਦ ਭਾਰਤ ਦੇ ਹੱਥ ਹੋਣ ਦੇ ਬਾਵਜੂਦ ‘ਜੰਗਬੰਦੀ’ ਲਈ ਸਹਿਮਤ ਹੋਣ ਲਈ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਅਤੇ ਦਾਅਵਾ ਕੀਤਾ ਕਿ ਪਾਕਿਸਤਾਨੀ ਕਬਜ਼ੇ ਵਾਲੇ ਖੇਤਰ ’ਤੇ ਕਬਜ਼ਾ ਕਰਨ ਦਾ ਮੌਕਾ ਸੀ।
ਰੱਖਿਆ ਮੰਤਰੀ ਮੋਰੋਕੋ ਦੇ ਦੋ ਦਿਨਾਂ ਦੌਰੇ ’ਤੇ ਹਨ ਜਿਥੇ ਉਹ ਬੇਰੇਚਿਡ ਵਿਖੇ ਟਾਟਾ ਐਡਵਾਂਸਡ ਸਿਸਟਮਜ਼ ਦੀ ਵਹੀਲਡ ਆਰਮਰਡ ਪਲੇਟਫਾਰਮ ਲਈ ਨਵੀਂ ਨਿਰਮਾਣ ਸਹੂਲਤ ਦਾ ਉਦਘਾਟਨ ਕਰਨਗੇ, ਜਿਸ ਨਾਲ ਇਹ ਅਫਰੀਕਾ ਵਿਚ ਪਹਿਲਾ ਭਾਰਤੀ ਰੱਖਿਆ ਨਿਰਮਾਣ ਪਲਾਂਟ ਬਣ ਜਾਵੇਗਾ। ਇਹ ਕਿਸੇ ਭਾਰਤੀ ਰੱਖਿਆ ਮੰਤਰੀ ਦਾ ਮੋਰੋਕੋ ਦਾ ਪਹਿਲਾ ਦੌਰਾ ਹੈ।
ਸਿੰਘ ਆਪਣੇ ਮੋਰੱਕੋ ਦੇ ਹਮਰੁਤਬਾ ਅਬਦੇਲਤਿਫ ਲੌਡੀਯੀ ਨਾਲ ਦੁਵੱਲੀ ਮੀਟਿੰਗ ਵੀ ਕਰਨਗੇ। ਰਾਜਨਾਥ ਸਿੰਘ ਦੀ ਫੇਰੀ ਦੌਰਾਨ ਭਾਰਤ ਅਤੇ ਮੋਰੋਕੋ ਵਲੋਂ ਰੱਖਿਆ ਖੇਤਰ ਵਿਚ ਸਹਿਯੋਗ ਲਈ ਇਕ ਸਮਝੌਤਾ ਪੱਤਰ ’ਤੇ ਹਸਤਾਖਰ ਕੀਤੇ ਜਾਣ ਦੀ ਉਮੀਦ ਹੈ। ਇਹ ਸਮਝੌਤਾ ਦੁਵੱਲੇ ਰੱਖਿਆ ਸੰਬੰਧਾਂ ਨੂੰ ਵਧਾਉਣ ਅਤੇ ਡੂੰਘਾ ਕਰਨ ਲਈ ਇਕ ਸੰਸਥਾਗਤ ਢਾਂਚਾ ਪ੍ਰਦਾਨ ਕਰੇਗਾ।