ਨਵੀਂ ਦਿੱਲੀ, 22 ਸਤੰਬਰ- ਸੁਪਰੀਮ ਕੋਰਟ ਅੱਜ ਦਿੱਲੀ ਵਿਚ ਪਟਾਕਿਆਂ ’ਤੇ ਪਾਬੰਦੀ ਲਗਾਉਣ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਣਵਾਈ ਕਰੇਗਾ। ਪਟੀਸ਼ਨ ’ਤੇ ਆਖਰੀ ਸੁਣਵਾਈ 12 ਸਤੰਬਰ ਨੂੰ ਹੋਈ ਸੀ।
ਸੁਣਵਾਈ ਦੌਰਾਨ ਚੀਫ਼ ਜਸਟਿਸ ਬੀ.ਆਰ. ਗਵਈ ਨੇ ਕਿਹਾ ਕਿ ਜੇਕਰ ਦਿੱਲੀ-ਐਨ.ਸੀ.ਆਰ. ਦੇ ਸ਼ਹਿਰਾਂ ਨੂੰ ਸਾਫ਼ ਹਵਾ ਦਾ ਅਧਿਕਾਰ ਹੈ ਤਾਂ ਦੂਜੇ ਸ਼ਹਿਰਾਂ ਦੇ ਲੋਕਾਂ ਨੂੰ ਕਿਉਂ ਨਹੀਂ? ਪ੍ਰਦੂਸ਼ਣ ਕੰਟਰੋਲ ’ਤੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਸੀ.ਜੇ.ਆਈ. ਗਵਈ ਅਤੇ ਜਸਟਿਸ ਕੇ. ਵਿਨੋਦ ਚੰਦਰਨ ਦੀ ਬੈਂਚ ਨੇ ਕਿਹਾ ਕਿ ਜੇਕਰ ਪਟਾਕਿਆਂ ’ਤੇ ਪਾਬੰਦੀ ਲਗਾਉਣੀ ਹੈ, ਤਾਂ ਇਸ ’ਤੇ ਦੇਸ਼ ਭਰ ਵਿਚ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਫ਼ ਹਵਾ ਦਾ ਅਧਿਕਾਰ ਸਿਰਫ਼ ਦਿੱਲੀ-ਐਨ.ਸੀ.ਆਰ. ਤੱਕ ਸੀਮਤ ਨਹੀਂ ਹੋ ਸਕਦਾ, ਸਗੋਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਇਸ ਦਾ ਆਨੰਦ ਮਾਣਨਾ ਚਾਹੀਦਾ ਹੈ।
ਅਦਾਲਤ ਨੇ ਕਿਹਾ ਕਿ ਕੋਈ ਵੀ ਵਾਤਾਵਰਣ ਨੀਤੀ ਪੂਰੇ ਦੇਸ਼ ’ਤੇ ਲਾਗੂ ਹੋਣੀ ਚਾਹੀਦੀ ਹੈ। ਅਸੀਂ ਸਿਰਫ਼ ਦਿੱਲੀ ਲਈ ਨੀਤੀ ਨਹੀਂ ਬਣਾ ਸਕਦੇ ਕਿਉਂਕਿ ਦੇਸ਼ ਦਾ ਕੁਲੀਨ ਵਰਗ ਉੱਥੇ ਰਹਿੰਦਾ ਹੈ।
ਦਰਅਸਲ ਸੁਪਰੀਮ ਕੋਰਟ ਦੇ 3 ਅਪ੍ਰੈਲ, 2025 ਦੇ ਹੁਕਮ ਨੂੰ ਚੁਣੌਤੀ ਦਿੱਤੀ ਗਈ ਹੈ, ਜਿਸ ਵਿਚ ਦਿੱਲੀ-ਐਨ.ਸੀ.ਆਰ. ਵਿਚ ਪਟਾਕਿਆਂ ਦੀ ਵਿਕਰੀ, ਸਟੋਰੇਜ, ਆਵਾਜਾਈ ਅਤੇ ਨਿਰਮਾਣ ’ਤੇ ਪੂਰੀ ਤਰ੍ਹਾਂ ਪਾਬੰਦੀ ਦੇ ਹੁਕਮ ਵਿਚ ਸੋਧ ਕਰਨ ਦੀ ਮੰਗ ਕੀਤੀ ਗਈ ਹੈ।