ਸੈਂਟੋ ਡੋਮਿੰਗੋ, 8 ਜੂਨ- ਡੋਮਿਨਿਕਨ ਰੀਪਬਲਿਕ ਦੇ ਲਾ ਰੋਮਾਣਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਨਿੱਜੀ ਜੈੱਟ ਹਾਦਸਾਗ੍ਰਸਤ ਹੋ ਗਿਆ। ਐਮਰਜੈਂਸੀ ਲੈਂਡਿੰਗ ਦੀ ਕੋਸ਼ਿਸ਼ ਕਰਦੇ ਸਮੇਂ ਜਹਾਜ਼ ਰਨਵੇਅ 'ਤੇ ਉੱਤਰ ਗਿਆ ਅਤੇ ਉਸ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿਚ ਪਾਇਲਟ ਅਤੇ ਸਹਿ-ਪਾਇਲਟ ਦੀ ਮੌਤ ਹੋ ਗਈ।
ਡੋਮਿਨਿਕਨ ਸਿਵਲ ਏਵੀਏਸ਼ਨ ਇੰਸਟੀਚਿਊਟ ਦੇ ਅਨੁਸਾਰ ਗਲਫਸਟ੍ਰੀਮ G200 ਜੈੱਟ ਲਾ ਰੋਮਾਣਾ ਤੋਂ ਆਸਟਿਨ, ਟੈਕਸਾਸ, ਅਮਰੀਕਾ ਜਾ ਰਿਹਾ ਸੀ। ਉਡਾਣ ਦੌਰਾਨ ਇਕ ਗੰਭੀਰ ਤਕਨੀਕੀ ਸਮੱਸਿਆ ਦਾ ਸਾਹਮਣਾ ਕਰਨ ਤੋਂ ਬਾਅਦ ਪਾਇਲਟ ਨੇ ਐਮਰਜੈਂਸੀ ਘੋਸ਼ਿਤ ਕੀਤੀ ਅਤੇ ਹਵਾਈ ਅੱਡੇ 'ਤੇ ਵਾਪਸ ਜਾਣ ਦਾ ਫੈਸਲਾ ਕੀਤਾ।
ਅਧਿਕਾਰੀਆਂ ਦੇ ਅਨੁਸਾਰ ਜਦੋਂ ਜਹਾਜ਼ ਨੇ ਐਮਰਜੈਂਸੀ ਦੀ ਰਿਪੋਰਟ ਕੀਤੀ ਤਾਂ ਜਹਾਜ਼ ਹਵਾਈ ਅੱਡੇ ਤੋਂ ਲਗਭਗ 16 ਸਮੁੰਦਰੀ ਮੀਲ ਦੱਖਣ-ਪੱਛਮ ਵਿਚ ਸੀ।
ਹਾਦਸੇ ਦੀਆਂ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।
ਸਿਵਲ ਏਵੀਏਸ਼ਨ ਅਥਾਰਟੀ ਨੇ ਕਿਹਾ ਕਿ ਇਸ ਵਿਚ ਕੋਈ ਵੀ ਯਾਤਰੀ ਸਵਾਰ ਨਹੀਂ ਸੀ। ਹਾਦਸੇ ਦੇ ਕਾਰਨ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਤਕਨੀਕੀ ਨੁਕਸ ਹਾਦਸੇ ਦਾ ਕਾਰਨ ਸੀ।