18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

12 ਸਾਲਾਂ ਵਿਚ ਤਿੰਨ ਗੁਣਾ ਤੋਂ ਵੱਧ ਵਧੀ ਅੰਮ੍ਰਿਤਸਰ ਹਵਾਈ ਅੱਡੇ ਵਿਚ ਯਾਤਰੀਆਂ ਦੀ ਗਿਣਤੀ

ਰਾਜਾਸਾਂਸੀ, 13 ਜੂਨ (ਹਰਦੀਪ ਸਿੰਘ ਖੀਵਾ)- ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ...

Ad Position 21
No active advertisement
ਅਜੀਤ ਡੈਸਕ 13-06-2026

ਰਾਜਾਸਾਂਸੀ, 13 ਜੂਨ (ਹਰਦੀਪ ਸਿੰਘ ਖੀਵਾ)- ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਪਿਛਲੇ 12 ਸਾਲਾਂ ਦੌਰਾਨ ਤਿੰਨ ਗੁਣਾ ਤੋਂ ਵੱਧ ਵਧੀ ਹੈ। ਭਾਰਤੀ ਹਵਾਈ ਅੱਡਾ ਅਥਾਰਟੀ (ਏਏਆਈ) ਅਨੁਸਾਰ ਸਾਲ 2013-14 ਵਿਚ ਜਿੱਥੇ 10.34 ਲੱਖ ਯਾਤਰੀਆਂ ਨੇ ਇਸ ਹਵਾਈ ਅੱਡੇ ਰਾਹੀਂ ਸਫ਼ਰ ਕੀਤਾ ਸੀ, ਉੱਥੇ 2024-25 ਵਿਚ ਇਹ ਗਿਣਤੀ ਵੱਧ ਕੇ 35.25 ਲੱਖ ਹੋ ਗਈ ਹੈ। ਇਸੇ ਸਮੇਂ ਦੌਰਾਨ ਜਹਾਜ਼ਾਂ ਦੀ ਆਵਾਜਾਈ ਵੀ 10,487 ਤੋਂ ਵਧ ਕੇ 23,261 ਤੱਕ ਪਹੁੰਚ ਗਈ।

ਇਸ ਸਬੰਧੀ ਹਵਾਈ ਅੱਡੇ ਦੇ ਡਾਇਰੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਹਵਾਈ ਅੱਡੇ ਦੇ ਬੁਨਿਆਦੀ ਢਾਂਚੇ ਦਾ ਵੀ ਵਿਸਥਾਰ ਕੀਤਾ ਗਿਆ ਹੈ। ਸਾਲ 2017 ਵਿਚ ਰਨਵੇ ਨੂੰ ਕੈਟ-3 ਤਕਨੀਕ ਨਾਲ ਅਪਗ੍ਰੇਡ ਕੀਤਾ ਗਿਆ, ਜਿਸ ਨਾਲ ਘੱਟ ਦਿੱਖ ਵਾਲੇ ਮੌਸਮ ਵਿਚ ਵੀ ਉਡਾਣਾਂ ਦਾ ਸੰਚਾਲਨ ਸੰਭਵ ਹੋਇਆ। ਸਾਲ 2022 ਵਿਚ ਏਪਰਨ ਦਾ ਵਿਸਥਾਰ ਕਰਕੇ ਜਹਾਜ਼ ਪਾਰਕਿੰਗ ਬੇਅਜ਼ ਦੀ ਗਿਣਤੀ 15 ਤੋਂ ਵਧਾ ਕੇ 25 ਕਰ ਦਿੱਤੀ ਗਈ।

ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਅੰਮ੍ਰਿਤਸਰ ਹਵਾਈ ਅੱਡੇ ਤੋਂ 9 ਘਰੇਲੂ ਅਤੇ 8 ਅੰਤਰਰਾਸ਼ਟਰੀ ਉਡਾਣਾਂ ਚੱਲ ਰਹੀਆਂ ਹਨ। ਹਵਾਈ ਅੱਡੇ ਕੋਲ 3658 ਮੀਟਰ ਲੰਬਾ ਰਨਵੇ, 25 ਪਾਰਕਿੰਗ ਬੇਅਜ਼ ਅਤੇ ਪ੍ਰਤੀ ਘੰਟਾ 14 ਜਹਾਜ਼ਾਂ ਦੀ ਆਵਾਜਾਈ ਸੰਭਾਲਣ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚੇ ਦੇ ਪੱਖੋਂ ਹਵਾਈ ਅੱਡਾ ਪੂਰੀ ਤਰ੍ਹਾਂ ਸਮਰੱਥ ਹੈ, ਪਰ ਏਅਰਲਾਈਨ ਕੰਪਨੀਆਂ ਕੋਲ ਜਹਾਜ਼ਾਂ ਦੀ ਘਾਟ ਕਾਰਨ ਨਵੀਆਂ ਉਡਾਣਾਂ ਸ਼ੁਰੂ ਕਰਨ ਵਿਚ ਦਿੱਕਤ ਆ ਰਹੀ ਹੈ। ਭੁਪਿੰਦਰ ਸਿੰਘ ਨੇ ਦੱਸਿਆ ਕਿ ਨਾਂਦੇੜ ਸਾਹਿਬ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਲਈ ਯਤਨ ਜਾਰੀ ਹਨ। ਇਸ ਤੋਂ ਇਲਾਵਾ ਅਕਾਸਾ ਏਅਰ ਨਾਲ ਅੰਮ੍ਰਿਤਸਰ ਤੋਂ ਜੇਵਰ (ਨੋਇਡਾ) ਹਵਾਈ ਅੱਡੇ ਲਈ ਕਨੈਕਟੀਵਿਟੀ ਸਬੰਧੀ ਵੀ ਗੱਲਬਾਤ ਚੱਲ ਰਹੀ ਹੈ।

ਕਾਰ ਪਾਰਕਿੰਗ ਸਬੰਧੀ ਉੱਠ ਰਹੇ ਵਿਵਾਦਾਂ ਬਾਰੇ ਉਨ੍ਹਾਂ ਸਪੱਸ਼ਟ ਕੀਤਾ ਕਿ ਟਰਮੀਨਲ ਦੇ ਸਾਹਮਣੇ ਵਾਲਾ ਖੇਤਰ ਸਿਰਫ਼ ਪਿਕ ਐਂਡ ਡਰਾਪ ਲੇਨ ਹੈ। ਇੱਥੇ 8 ਮਿੰਟ ਤੋਂ ਵੱਧ ਸਮਾਂ ਵਾਹਨ ਖੜ੍ਹਾ ਕਰਨ 'ਤੇ 500 ਰੁਪਏ ਜੁਰਮਾਨਾ ਲਗਾਇਆ ਜਾਂਦਾ ਹੈ। ਟਰੈਫਿਕ ਪ੍ਰਬੰਧ ਨੂੰ ਹੋਰ ਸੁਚਾਰੂ ਬਣਾਉਣ ਲਈ ਨਵਾਂ ਲੇਨਿੰਗ ਸਿਸਟਮ ਵੀ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਵਾਈ ਅੱਡੇ 'ਤੇ ਡਿਜੀ ਯਾਤਰਾ, ਫਲਾਈਬ੍ਰੇਰੀ, ਕਿਡਜ਼ ਪਲੇ ਜ਼ੋਨ ਅਤੇ ਉਡਾਨ ਯਾਤਰੀ ਕੈਫੇ ਵਰਗੀਆਂ ਸਹੂਲਤਾਂ ਉਪਲੱਬਧ ਹਨ। ਇਸ ਦੇ ਨਾਲ 483 ਕਿਲੋਵਾਟ ਸਮਰੱਥਾ ਵਾਲਾ ਸੋਲਰ ਪਾਵਰ ਪਲਾਂਟ ਅਤੇ ਐਲਈਡੀ ਲਾਈਟਿੰਗ ਪ੍ਰਣਾਲੀ ਵੀ ਸਥਾਪਿਤ ਕੀਤੀ ਗਈ ਹੈ। ਹਵਾਈ ਅੱਡਾ ਪ੍ਰਬੰਧਨ ਅਨੁਸਾਰ ਅੰਮ੍ਰਿਤਸਰ ਹਵਾਈ ਅੱਡਾ ਪੰਜਾਬ ਵਿਚ ਸੈਰ-ਸਪਾਟੇ, ਧਾਰਮਿਕ ਯਾਤਰਾਵਾਂ ਅਤੇ ਆਰਥਿਕ ਗਤੀਵਿਧੀਆਂ ਲਈ ਇਕ ਮਹੱਤਵਪੂਰਨ ਕੇਂਦਰ ਵਜੋਂ ਆਪਣੀ ਭੂਮਿਕਾ ਨਿਭਾਅ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ 12 ਸਾਲਾਂ ਵਿਚ ਤਿੰਨ ਗੁਣਾ ਤੋਂ ਵੱਧ ਵਧੀ ਅੰਮ੍ਰਿਤਸਰ ਹਵਾਈ ਅੱਡੇ ਵਿਚ ਯਾਤਰੀਆਂ ਦੀ ਗਿਣਤੀ ਅਗਲੀ ਖ਼ਬਰ ਪੰਜਾਬ ਦੇ ਵਪਾਰੀਆਂ ਨਾਲ 'ਤੁਹਾਡੀ ਸਰਕਾਰ' ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ- ਮੁੱਖ ਮੰਤਰੀ ਭਗਵੰਤ ਮਾਨ
Ad Position 24