11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਬਿਜਲੀ ਸਪਲਾਈ ਤੋਂ ਅੱਕੇ ਕਿਸਾਨਾਂ ਨੇ ਕੀਤਾ ਚੱਕਾ ਜਾਮ

ਲੌਂਗੋਵਾਲ (ਸੰਗਰੂਰ), 23 ਜੁਲਾਈ (ਵਿਨੋਦ, ਖੰਨਾ) - ਨਾਕਸ ਬਿਜਲੀ ਸਪਲਾਈ ਤੋਂ ਅੱਕੇ ਕਿਸਾਨਾਂ ਨੇ ਅੱਜ...

Ad Position 21
No active advertisement
ਅਜੀਤ ਡੈਸਕ 23-07-2026

ਲੌਂਗੋਵਾਲ (ਸੰਗਰੂਰ), 23 ਜੁਲਾਈ (ਵਿਨੋਦ, ਖੰਨਾ) - ਨਾਕਸ ਬਿਜਲੀ ਸਪਲਾਈ ਤੋਂ ਅੱਕੇ ਕਿਸਾਨਾਂ ਨੇ ਅੱਜ ਸਥਾਨਕ ਸੁਨਾਮ-ਬਰਨਾਲਾ ਮਾਰਗ ਨੂੰ ਜਾਮ ਕਰਕੇ ਸਬ ਤਹਿਸੀਲ ਦਫ਼ਤਰ ਲੌਂਗੋਵਾਲ ਦੇ ਅੱਗੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਨਿਰਵਿਘਨ ਬਿਜਲੀ ਸਪਲਾਈ ਦੇ ਦਾਅਵੇ ਕਰਨ ਵਾਲੀ ਸਰਕਾਰ ਦੇ ਸਾਰੇ ਦਾਅਵੇ ਨਾ ਸਿਰਫ਼ ਠੁੱਸ ਹੋ ਕੇ ਰਹਿ ਗਏ ਹਨ ਸਗੋਂ ਇਹ ਕਿਸਾਨਾਂ ਲਈ ਵੱਡੀ ਮੁਸੀਬਤ ਅਤੇ ਨੁਕਸਾਨ ਦਾ ਕਾਰਨ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਪਿਛਲੇਂ 48 ਘੰਟਿਆਂ ਤੋਂ ਲੌਂਗੋਵਾਲ ਦੇ ਕਈ ਫੀਡਰਾਂ ਖੇਤੀ ਦੀ ਬਿਜਲੀ ਸਪਲਾਈ ਬੰਦ ਪਈ ਹੈ। ਫ਼ਸਲ ਬੀਜਣ ਤੋਂ ਲੈਕੇ ਕਿਸਾਨ ਹਜ਼ਾਰਾਂ ਰੁਪੈ ਹੁਣ ਤੱਕ ਖਰਚਾ ਕਰ ਚੁੱਕੇ ਹਨ।

ਬਿਜਲੀ ਨਾ ਆਉਣ ਕਾਰਨ ਲੱਗੇ ਝੋਨੇ ਵਿਚ ਤਰੇੜਾਂ ਪਾਟਣ ਲੱਗੀਆਂ ਹਨ ਸਿੰਚਾਈ ਖੁਣੋਂ ਫ਼ਸਲ ਸੁੱਕਣ ਲੱਗੀ ਹੈ। ਜੇਕਰ ਇਹੋ ਹਾਲ ਰਿਹਾ ਤਾਂ ਫ਼ਸਲ ਵਾਹੁਣ ਤੱਕ ਦੀ ਨੌਬਤ ਵੀ ਆ ਸਕਦੀ ਹੈ। ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿਚ ਸਰਕਾਰਾਂ ਵਲੋਂ ਬਣਾਈਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਿਸਾਨੀ ਪਹਿਲਾਂ ਹੀ ਦਮ ਤੋੜਦੀ ਜਾ ਰਹੀ ਹੈ। ਲੌਂਗੋਵਾਲ ਨਕਲੀ ਦਵਾਈਆਂ ਦਾ ਗੜ੍ਹ ਬਣਿਆ ਹੋਇਆ ਹੈ ਇਥੋਂ ਸਮੁੱਚੇ ਉੱਤਰੀ ਭਾਰਤ ਨੂੰ ਨਕਲੀ ਦਵਾਈਆਂ ਸਪਲਾਈ ਹੁੰਦੀਆਂ ਹਨ ਅਤੇ ਸਰਕਾਰ ਵਲੋਂ ਅਜਿਹੀਆਂ ਕਈ ਦੁਕਾਨਾਂ ਉਤੇ ਨਮੂਨੇ ਫੇਲ੍ਹ ਹੋਣ ਕਾਰਨ ਜ਼ਿੰਦਰੇ ਵੀ ਲਾਏ ਹਨ। ਸੋ ਨਿਰਵਿਘਨ ਬਿਜਲੀ ਸਪਲਾਈ ਉਪਲਬਧ ਕਰਵਾਉਣਾ ਸਰਕਾਰ ਦਾ ਫਰਜ਼ ਹੈ ਜਿਨ੍ਹਾਂ ਚਿਰ ਤੱਕ ਸਪਲਾਈ ਬਹਾਲ ਨੀ ਹੁੰਦੀ ਧਰਨਾ ਜਾਰੀ ਰਹੇਗਾ।

ਅਗਾਂਹਵਧੂ ਕਿਸਾਨ ਨਿਰਮਲ ਸਿੰਘ ਦੁੱਲਟ ਨੇ ਕਿਹਾ ਕਿ ਝੋਨੇ ਦੀ ਫ਼ਸਲ ਪਾਣੀ 'ਤੇ ਹੀ ਨਿਰਭਰ ਹੈ ਜੇਕਰ ਝੋਨੇ ਨੂੰ ਪਾਣੀ ਨਾ ਲਾਇਆ ਤਾਂ ਬੇਸ਼ੁਮਾਰ ਨਦੀਨ ਉੱਗ ਪੈਣਗੇ ਜਿਨ੍ਹਾਂ ਦੀ ਰੋਕਥਾਮ ਕਿਸਾਨਾਂ ਲਈ ਵੱਡੀ ਸਮੱਸਿਆ ਹੋਵੇਗੀ। 90 ਦਿਨ ਵਿਚ ਪੱਕਣ ਵਾਲੀਆਂ ਇਹਨਾਂ ਕਿਸਮਾਂ ਨੂੰ ਜੇਕਰ ਪਾਣੀ ਨਾ ਦਿੱਤਾ ਤਾਂ ਫ਼ਸਲ ਬਰਬਾਦ ਹੋ ਜਾਵੇਗੀ। ਯੂਥ ਕਾਂਗਰਸ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਐਡ. ਗੁਰਤੇਗ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਹ ਸਾਡੀ ਤਰਾਸਦੀ ਹੈ ਕਿ ਸਾਨੂੰ ਕੋਈ ਵੀ ਹੱਕ ਲੈਣ ਲਈ ਧਰਨਾ ਮੁਜ਼ਾਹਰਾ ਕਰਨਾ ਪੈਂਦਾ ਹੈ। ਉੱਧਰ ਬਿਜਲੀ ਮੁਲਾਜ਼ਮ ਆਪਣੀਆਂ ਮੰਗਾਂ ਲਈ ਮਾਰੇ ਮਾਰੇ ਫਿਰ ਰਹੇ ਹਨ ਹੱਕ ਮੰਗਦੇ ਲੋਕਾਂ ਉਤੇ ਸਰਕਾਰ ਵਲੋਂ ਨਿੱਤ ਦਿਨ ਡਾਂਗ ਫੇਰੀ ਜਾ ਰਹੀ ਹੈ।

ਹੁਣ ਝੋਨੇ ਦਾ ਪੀਕ ਸੀਜ਼ਨ ਚੱਲ ਰਿਹਾ ਹੈ ਅਤੇ ਬਿਜਲੀ ਦੀ ਬਹੁਤ ਲੋੜ ਹੈ। ਭਾਵੇਂ ਬਿਜਲੀ ਦੇ ਮੁਲਾਜ਼ਮ ਹੜਤਾਲ ਉਤੇ ਹਨ ਪਰ ਜੇ. ਈ. ਪੱਧਰ ਤੋਂ ਉੱਚ ਅਧਿਕਾਰੀ ਤਾਂ ਡਿਊਟੀ 'ਤੇ ਹਨ ਉਹਨਾਂ ਇੰਜਨੀਰਿੰਗ ਕੀਤੀ ਹੈ ਇਸ ਲਈ ਉਹ ਫੀਲਡ ਵਿਚ ਆਉਣ ਤੇ ਕਿਸਾਨਾਂ ਦੀਆਂ ਸਮੱਸਿਆ ਦਾ ਹੱਲ ਕਰਨ। ਇਸ ਮੌਕੇ ਜਗਜੀਤ ਸਿੰਘ ਕਾਲਾ ਸਾਬਕਾ ਕੌਂਸਲਰ, ਭਾਕਿਯੂ ਏਕਤਾ ਆਜ਼ਾਦ ਦੇ ਇਕਾਈ ਪ੍ਰਧਾਨ ਬਲਜਿੰਦਰ ਸਿੰਘ, ਬੀਕੇਯੂ ਡਕੌਂਦਾ ਦੇ ਆਗੂ ਪ੍ਰਗਟ ਸਿੰਘ, ਬਹਾਲ ਸਿੰਘ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਭੋਲਾ ਸਿੰਘ ਪਨਾਂਚ, ਕਰਮਾ ਸਿੰਘ ਜੈਦ, ਸਾਧੂ ਸਿੰਘ ਅਤੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।

ਇਸ ਧਰਨੇ ਨੂੰ ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਕੁੰਨਰਾਂ ਅਤੇ ਇਕਾਈ ਪ੍ਰਧਾਨ ਹਰਦੇਵ ਸਿੰਘ ਦੁੱਲਟ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਦਿੱਲੀ ਵਿਖੇ ਵਿਦਿਆਰਥੀਆਂ 'ਤੇ ਅਤੇ ਬਰਨਾਲਾ ਵਿਖੇ ਸਫਾਈ ਸੇਵਕਾਂ 'ਤੇ ਕੀਤੇ ਲਾਠੀਚਾਰਜ ਕੀਤੇ ਜਾਣ ਦੀ ਵੀ ਨਿਖੇਧੀ ਕੀਤੀ। ਇਸ ਦੌਰਾਨ ਐਸ.ਐਚ.ਓ. ਲੌਂਗੋਵਾਲ ਇੰਸਪੈਕਟਰ ਬਲਵੰਤ ਸਿੰਘ ਬਿਲਿੰਗ ਨੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰ ਕੇ ਫਾਲਟ ਵਾਲੇ ਫੀਡਰਾਂ ਨੂੰ ਛੱਡ ਕੇ ਬਾਕੀ ਫੀਡਰਾਂ ਉਤੇ ਬਿਜਲੀ ਸਪਲਾਈ ਕਰਨ ਅਤੇ ਟਰੈਫਿਕ ਬਹਾਲ ਕਰਨ ਦੀ ਕਵਾਇਦ ਆਰੰਭ ਦਿੱਤੀ ਗਈ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਕਾਂਗਰਸ ਦੀ ਦੂਜੇ ਦੌਰ ਦੀ ਮੀਟਿੰਗ ਦਿੱਲੀ ਵਿਚ ਸ਼ੁਰੂ ਹੋਈ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਵਿਚ ਮਾਨਸੂਨ ਦੀ ਪਹਿਲੀ ਭਰਵੀਂ ਬਾਰਿਸ਼ ਕਾਰਣ ਸ਼ਹਿਰ 'ਚ ਜਲ-ਥਲ
Ad Position 24