ਸੰਗਰੂਰ, 1 ਅਗਸਤ (ਧੀਰਜ ਪਸੋਰੀਆ, ਦਮਨਜੀਤ ਸਿੰਘ)- ਪਿਛਲੇਂ ਹਫਤੇ ਭਾਜਪਾ ਦੇ ਸੰਗਰੂਰ ਦਫ਼ਤਰ ਤੇ ਪੈਟਰੋਲ ਬੰਬ ਸੁੱਟੇ ਜਾਣ ਦੀ ਵਾਰਦਾਤ ਨੂੰ ਲੈ ਕੇ ਦਰਜ ਪੁਲਿਸ ਮਾਮਲੇ ਵਿਚ ਗਿਰਫ਼ਤਾਰ ਦੋ ਵਿਅਕਤੀਆਂ ਨੂੰ ਸੰਗਰੂਰ ਦੀ ਅਦਾਲਤ ਨੇ ਮੁੜ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਉੱਤੇ ਭੇਜਿਆ ਹੈ। ਮੁਦਈ ਪੱਖ ਦੇ ਵਕੀਲ ਲਲਿਤ ਕੁਮਾਰ ਗਰਗ ਨੇ ਦੱਸਿਆ ਕਿ ਇਸ ਘਟਨਾ ਨੂੰ ਲੈ ਕੇ ਭਾਜਪਾ ਜਿਲ੍ਹਾ ਪ੍ਰਧਾਨ ਮਨਿੰਦਰ ਸਿੰਘ ਕਪਿਆਲ ਦੀ ਸ਼ਿਕਾਇਤ ਤੇ ਪੁਲਿਸ ਥਾਣਾ ਸਿਟੀ ਸੰਗਰੂਰ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ।
ਇਸ ਦੇ ਸਬੰਧ ਵਿਚ ਸੰਗਰੂਰ ਪੁਲਿਸ ਨੇ ਪੈਟਰੋਲ ਬੰਬ ਸੁੱਟਣ ਦੇ ਕਥਿਤ ਦੋਸ਼ਾਂ ਵਿਚ ਦੋ ਨੌਜਵਾਨਾਂ ਹੈਪੀ ਸਿੰਘ ਵਾਸੀ ਭੰਮਾਬੱਦੀ ਅਤੇ ਜਸਪ੍ਰੀਤ ਸਿੰਘ ਜੱਸੀ ਵਾਸੀ ਲਹਿਰਾ ਨੂੰ ਨਾਮਜਦ ਕਰ ਕੇ 24 ਘੰਟਿਆਂ ਦੇ ਅੰਦਰ ਅੰਦਰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰਦਿਆਂ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਅਤੇ ਦੋ ਮੋਬਾਇਲ ਫੋਨ ਵੀ ਬਰਾਮਦ ਕਰਵਾਉਣ ਦਾ ਦਾਅਵਾ ਕੀਤਾ ਸੀ।
ਪੁਲਿਸ ਨੇ ਦਰਜ ਮਾਮਲੇ ਵਿਚ ਯੂ.ਏ.ਪੀ.ਏ. ਦੀਆਂ ਧਾਰਾਵਾਂ ਦਾ ਵਾਧਾ ਕਰਦਿਆਂ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਇਨ੍ਹਾਂ ਦੋਨਾਂ ਨੌਜਵਾਨਾਂ ਨੂੰ ਚਾਰ ਦਿਨਾਂ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਸੀ। ਅੱਜ ਰਿਮਾਂਡ ਖ਼ਤਮ ਹੋਣ ਉੱਤੇ ਫਿਰ ਪੇਸ਼ ਕਰਨ ਤੋਂ ਬਾਅਦ ਅਦਾਲਤ ਨੇ ਇਨ੍ਹਾਂ ਦੋਨੋਂ ਨੌਜਵਾਨਾਂ ਨੂੰ ਮੁੜ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਉੱਤੇ ਭੇਜਿਆ ਹੈ।