ਅਜਨਾਲਾ (ਅੰਮ੍ਰਿਤਸਰ), 7 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਪੰਜਾਬ ਵਿਧਾਨ ਸਭਾ ਵਿਚ ਅਜਨਾਲਾ ਦੇ ਇਤਿਹਾਸਕ ਕਾਲਿਆਂ ਵਾਲਾ ਖੂਹ ਨਾਲ ਸੰਬੰਧਿਤ ਸ਼ਹੀਦਾਂ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਮਿਊਜ਼ੀਅਮ, ਆਡੀਟੋਰੀਅਮ, ਖੇਡ ਸਟੇਡੀਅਮ, ਰਾਵੀ ਦਰਿਆ ਕੰਢੇ ਯਾਦਗਾਰ ਅਤੇ ਅਜਨਾਲਾ ਦੇ ਸੁੰਦਰੀਕਰਨ ਦੀ ਮੰਗ ਉਠਾਉਣ 'ਤੇ ਆਮ ਆਦਮੀ ਪਾਰਟੀ ਸ਼ਹਿਰੀ ਅਜਨਾਲਾ ਦੇ ਪ੍ਰਧਾਨ ਅਮਿਤ ਔਲ ਅਤੇ ਪਾਰਟੀ ਦੇ ਹੋਰ ਆਗੂਆਂ ਨੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦਾ ਦਿਲੋਂ ਧੰਨਵਾਦ ਕੀਤਾ।
ਪ੍ਰਧਾਨ ਅਮਿਤ ਔਲ ਨੇ ਕਿਹਾ ਕਿ ਕਾਲਿਆਂ ਵਾਲਾ ਖੂਹ ਸਿਰਫ਼ ਅਜਨਾਲਾ ਹੀ ਨਹੀਂ, ਸਗੋਂ ਪੂਰੇ ਦੇਸ਼ ਦੀ ਸ਼ਾਨ ਅਤੇ ਆਜ਼ਾਦੀ ਦੇ ਸੰਘਰਸ਼ ਦਾ ਅਮਰ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ 1857 ਦੀ ਪਹਿਲੀ ਆਜ਼ਾਦੀ ਦੀ ਲੜਾਈ ਦੌਰਾਨ ਸ਼ਹੀਦ ਹੋਏ 282 ਸੂਰਬੀਰਾਂ ਦੀ ਕੁਰਬਾਨੀ ਨੂੰ ਸਦੀਵਾਂ ਲਈ ਯਾਦਗਾਰ ਬਣਾਉਣ ਵਾਸਤੇ ਵਿਧਾਨ ਸਭਾ ਵਿਚ ਇਹ ਮੁੱਦਾ ਚੁੱਕਣਾ ਇਤਿਹਾਸਕ ਕਦਮ ਹੈ।
ਉਨ੍ਹਾਂ ਕਿਹਾ ਕਿ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਹਮੇਸ਼ਾ ਅਜਨਾਲਾ ਦੇ ਇਤਿਹਾਸ, ਵਿਰਾਸਤ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਪਹਿਲ ਦਿੱਤੀ ਹੈ। ਵਿਧਾਨ ਸਭਾ ਵਿੱਚ ਕਾਲਿਆਂ ਵਾਲਾ ਖੂਹ ਦੇ ਸ਼ਹੀਦਾਂ ਦੇ ਸਨਮਾਨ ਲਈ ਮਿਊਜ਼ੀਅਮ, ਆਡੀਟੋਰੀਅਮ, ਖੇਡ ਸਟੇਡੀਅਮ ਅਤੇ ਰਾਵੀ ਦਰਿਆ ਕੰਢੇ ਯਾਦਗਾਰ ਬਣਾਉਣ ਦੀ ਮੰਗ ਕਰਕੇ ਉਨ੍ਹਾਂ ਨੇ ਸਮੁੱਚੇ ਇਲਾਕੇ ਦਾ ਮਾਣ ਵਧਾਇਆ ਹੈ।
ਇਸ ਮੌਕੇ ਪ੍ਰਧਾਨ ਅਮਿਤ ਔਲ ਸਮੇਤ ਪਾਰਟੀ ਆਗੂਆਂ ਨੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਕਿ ਵਿਧਾਇਕ ਧਾਲੀਵਾਲ ਵੱਲੋਂ ਉਠਾਈਆਂ ਗਈਆਂ ਮੰਗਾਂ ਨੂੰ ਜਲਦ ਪ੍ਰਵਾਨਗੀ ਦੇ ਕੇ ਅਮਲੀ ਰੂਪ ਦਿੱਤਾ ਜਾਵੇ, ਤਾਂ ਜੋ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਏ 282 ਸੂਰਬੀਰਾਂ ਨੂੰ ਸੱਚੀ ਸ਼ਰਧਾਂਜਲੀ ਭੇਟ ਕੀਤੀ ਜਾ ਸਕੇ ਅਤੇ ਅਜਨਾਲਾ ਨੂੰ ਦੇਸ਼ ਦੇ ਇਤਿਹਾਸਕ ਨਕਸ਼ੇ 'ਤੇ ਹੋਰ ਮਜ਼ਬੂਤ ਪਛਾਣ ਮਿਲ ਸਕੇ। ਇਸ ਮੌਕੇ ਪਾਰਟੀ ਆਗੂਆਂ ਨੇ ਕਿਹਾ ਕਿ ਅਜਨਾਲਾ ਵਾਸੀਆਂ ਨੂੰ ਉਮੀਦ ਹੈ ਕਿ ਸਰਕਾਰ ਇਸ ਇਤਿਹਾਸਕ ਮੰਗ ਨੂੰ ਜਲਦ ਪੂਰਾ ਕਰੇਗੀ ਅਤੇ ਸ਼ਹੀਦਾਂ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਠੋਸ ਕਦਮ ਚੁੱਕੇ ਜਾਣਗੇ।
ਇਸ ਮੌਕੇ ਸਾਬਕਾ ਕੌਂਸਲਰ ਸੁਰਿੰਦਰ ਬੱਬੂ ਮਹਾਜਨ, ਚੇਅਰਮੈਨ ਰਮੇਸ਼ ਮਹਾਜਨ, ਪ੍ਰਧਾਨ ਦਵਿੰਦਰ ਸਿੰਘ ਸੋਨੂ, ਰਛਪਾਲ ਸਿੰਘ ਕੋਟਲਾ, ਸਾਬਕਾ ਸਰਪੰਚ ਹਰਮੀਤ ਸਿੰਘ ਲਾਡੀ ਸੰਧੂ, ਨਿਸ਼ਾਨ ਸਿੰਘ ਚੀਮਾ, ਰਛਪਾਲ ਸਿੰਘ ਕੋਟਲਾ, ਯੁੱਧਵੀਰ ਸਿੰਘ, ਸੁੱਖ ਨਿੱਝਰ ਅਤੇ ਰਾਜਵਿੰਦਰ ਸਿੰਘ ਰਾਜੂ ਆਦਿ ਹਾਜ਼ਰ ਸਨ।