ਕੋਟਫ਼ਤੂਹੀ (ਹੁਸ਼ਿਆਰਪੁਰ), 8 ਅਗਸਤ (ਅਵਤਾਰ ਸਿੰਘ ਅਟਵਾਲ)- ਬੀਤੀ ਦੇਰ ਸ਼ਾਮ ਅੱਡਾ ਕੋਟਫ਼ਤੂਹੀ ਤੋਂ ਘਰ ਨੂੰ ਜਾਂਦੇ 50 ਕੁ ਸਾਲਾਂ ਵਿਅਕਤੀ ਦੀ ਬਿਸਤ ਦੁਆਬ ਨਹਿਰ ਵਾਲੀ ਸੜਕ ਤੇ ਅਣਪਛਾਤੇ ਵਾਹਨ ਦੀ ਫੇਟ ਵੱਜਣ ਨਾਲ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 50 ਕੁ ਸਾਲਾਂ ਅਰੁਣ ਕੁਮਾਰ ਪ੍ਰਭਾਕਰ ਨਿਵਾਸੀ ਪਿੰਡ ਪਚਨੰਗਲਾ ਲੁਧਿਆਣੇ ਵਿਖੇ ਫੋਟੋਗ੍ਰਾਫਰਾਂ ਦੇ ਸੈਮੀਨਾਰ ਵਿਚ ਸ਼ਾਮਿਲ ਹੋ ਕੇ ਸ਼ਾਮ ਨੂੰ ਵਾਪਸ ਕੋਟਫ਼ਤੂਹੀ ਵਿਖੇ ਆਇਆ ਤੇ ਆਪਣੇ ਘਰ ਪਚਨੰਗਲਾ ਨੂੰ ਜਾਣ ਲਈ ਆਪਣੇ ਵੱਡੇ ਭਰਾ ਦੀ ਦੁਕਾਨ ਤੋਂ ਖੜਾ ਮੋਟਰ ਸਾਈਕਲ ਲੈ ਕੇ ਬਿਸਤ ਦੁਆਬ ਨਹਿਰ ਵਾਲੇ ਪੁਲ ਤੋ ਆਪਣੇ ਘਰ ਨੂੰ ਜਾ ਰਿਹਾ ਸੀ, ਜਦੋਂ ਉਹ ਬਾਜ਼ਾਰ ਤੋ ਥੋੜਾ ਅੱਗੇ ਗਿਆ ਤਾ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿਚ ਆ ਗਿਆ ਤੇ ਸੜਕ ਉੱਪਰ ਜ਼ਖ਼ਮੀ ਹੋ ਕੇ ਡਿੱਗ ਪਿਆ।
ਮੌਕੇ ਤੇ ਰਾਹਗੀਰਾਂ ਨੇ ਅੱਡਾ ਕੋਟਫ਼ਤੂਹੀ ਵਿਖੇ ਕਿਸੇ ਦੁਕਾਨਦਾਰ ਨੂੰ ਦੱਸਿਆ ਜਿਸ ਨੇ ਜ਼ਖ਼ਮੀ ਵਿਅਕਤੀ ਦੇ ਪਰਿਵਾਰ ਨੂੰ ਸੂਚਿਤ ਕੀਤਾ। ਜਿਨ੍ਹਾਂ ਮੌਕੇ ਤੇ ਪਹੁੰਚ ਕੇ ਜ਼ਖਮੀ ਨੂੰ ਪ੍ਰਾਈਵੇਟ ਹਸਪਤਾਲ ਵਿਖੇ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ। ਜਦਕਿ ਫੇਟ ਮਾਰਨ ਵਾਲਾ ਅਣਪਛਾਤਾ ਵਾਹਨ ਡਰਾਈਵਰ ਮੌਕੇ ਤੋਂ ਭੱਜ ਗਿਆ।