ਅੰਮ੍ਰਿਤਸਰ, 11 ਅਗਸਤ- ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਨੇ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਕੇ ਸ਼ਰਧਾ ਅਤੇ ਭਾਵਨਾ ਨਾਲ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨੇ ਪਵਿੱਤਰ ਅੰਮ੍ਰਿਤ ਸਰੋਵਰ ਵਿਚ ਪਰਿਕਰਮਾ ਕੀਤੀ ਅਤੇ ਗੁਰੂ ਘਰ ਬੈਠ ਕੇ ਮਨੋਹਰ ਕੀਰਤਨ ਦਾ ਆਨੰਦ ਮਾਣਿਆ। ਗੁਰੂ ਸਾਹਿਬ ਦੀ ਹਜ਼ੂਰੀ ਵਿਚ ਸ਼ੁਕਰਾਨੇ ਦੀ ਅਰਦਾਸ ਕਰਦਿਆਂ ਰਣਜੀਤ ਬਾਵਾ ਨੇ ਆਪਣੀਆਂ ਆਉਣ ਵਾਲੀਆਂ ਸਫਲਤਾਵਾਂ ਅਤੇ ਜੀਵਨ ਵਿਚ ਮਿਲੀਆਂ ਨੇਮਤਾਂ ਲਈ ਪ੍ਰਮਾਤਮਾ ਦਾ ਧੰਨਵਾਦ ਕੀਤਾ।
ਮੀਡੀਆ ਨਾਲ ਗੱਲਬਾਤ ਕਰਦਿਆਂ ਰਣਜੀਤ ਬਾਵਾ ਨੇ ਕਿਹਾ ਕਿ ਗੁਰੂ ਰਾਮਦਾਸ ਜੀ ਦੇ ਦਰ ’ਤੇ ਆ ਕੇ ਹਮੇਸ਼ਾ ਹੀ ਆਤਮਿਕ ਸ਼ਾਂਤੀ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਵੀ ਉਨ੍ਹਾਂ ਦਾ ਕੋਈ ਨਵਾਂ ਪ੍ਰੋਜੈਕਟ ਸ਼ੁਰੂ ਹੁੰਦਾ ਹੈ, ਚਾਹੇ ਉਹ ਪ੍ਰੋਜੈਕਟ ਤੋਂ ਪਹਿਲਾਂ ਹੋਵੇ ਜਾਂ ਬਾਅਦ ਵਿਚ, ਉਹ ਹਮੇਸ਼ਾ ਹੀ ਗੁਰੂ ਮਹਾਰਾਜ ਦੇ ਚਰਨਾਂ ਵਿਚ ਸ਼ੁਕਰਾਨਾ ਕਰਨ ਲਈ ਜ਼ਰੂਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਗੁਰੂ ਦਰਬਾਰ ਤੋਂ ਵੱਡੀ ਹੋਰ ਕੋਈ ਥਾਂ ਨਹੀਂ ਹੈ ਅਤੇ ਇਸ ਲਈ ਉਹ ਇਥੇ ਸਿਰਫ਼ ਨਤਮਸਤਕ ਹੋ ਕੇ ਆਸ਼ੀਰਵਾਦ ਲੈਣ ਆਏ ਹਨ।
ਜਦੋਂ ਪੱਤਰਕਾਰਾਂ ਨੇ ਉਨ੍ਹਾਂ ਤੋਂ ਕਿਸੇ ਨਵੇਂ ਪ੍ਰੋਜੈਕਟ ਜਾਂ ਹੋਰ ਮੁੱਦਿਆਂ ਬਾਰੇ ਸਵਾਲ ਪੁੱਛਣੇ ਚਾਹੇ, ਤਾਂ ਉਨ੍ਹਾਂ ਬੜੀ ਨਿਮਰਤਾ ਨਾਲ ਕਿਹਾ ਕਿ ਉਹ ਇਸ ਸਮੇਂ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਹਨ ਅਤੇ ਇੱਥੇ ਹੋਰ ਕੋਈ ਗੱਲਬਾਤ ਨਹੀਂ ਕਰਨਾ ਚਾਹੁੰਦੇ, ਕਿਉਂਕਿ ਗੁਰੂ ਸਾਹਿਬ ਤੋਂ ਵੱਡਾ ਹੋਰ ਕੋਈ ਨਹੀਂ ਹੈ।