ਅਜਨਾਲਾ, (ਅੰਮ੍ਰਿਤਸਰ), 12 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਅਕਾਲੀ ਦਲ ਵਾਰਸ ਪੰਜਾਬ ਦੇ ਵਲੋਂ ਅੱਜ ਅਜਨਾਲਾ ਵਿਖੇ ਵਿਸ਼ਾਲ ਸਿਆਸੀ ਪੰਥਕ ਕਾਨਫ਼ਰੰਸ ਕਰਵਾਈ ਗਈ। ਕਾਨਫ਼ਰੰਸ ਵਿਚ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਸਮੇਤ ਅਕਾਲੀ ਦਲ ਵਾਰਸ ਪੰਜਾਬ ਦੇ ਸੀਨੀਅਰ ਆਗੂ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਦੌਰਾਨ ਹਲਕਾ ਅਜਨਾਲਾ ਨਾਲ ਸੰਬੰਧਿਤ ਪੰਥਕ ਆਗੂ ਤੇ ਸਮਾਜ ਸੇਵਕ ਭਾਈ ਕਾਬਲ ਸਿੰਘ ਸ਼ਾਹਪੁਰ ਸਮੇਤ ਕਈ ਹੋਰ ਪੰਥਕ ਆਗੂਆਂ ਅਤੇ ਪਰਿਵਾਰਾਂ ਨੇ ਅਕਾਲੀ ਦਲ ਵਾਰਸ ਪੰਜਾਬ ਵਿਚ ਸ਼ਮੂਲੀਅਤ ਕੀਤੀ। ਇਸ ਦੌਰਾਨ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਤਰਸੇਮ ਸਿੰਘ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਪੰਜਾਬ ਅਤੇ ਕੌਮ ਦੀ ਖਾਤਰ ਸ਼ਹਾਦਤਾਂ ਦੇਣ ਵਾਲਿਆਂ ਦੇ ਪਰਿਵਾਰਾਂ ਅਤੇ ਸੰਘਰਸ਼ਸ਼ੀਲ ਲੋਕਾਂ ਨੂੰ ਪਹਿਲ ਦੇ ਆਧਾਰ ’ਤੇ ਟਿਕਟਾਂ ਦੇਣ ਨੂੰ ਤਰਜੀਹ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਅਜਿਹੇ ਉਮੀਦਵਾਰ ਮੈਦਾਨ ਵਿਚ ਉਤਾਰੇ ਜਾਣਗੇ, ਜੋ ਪੰਜਾਬ ਦੇ ਹਰੇਕ ਵਰਗ ਦੀ ਆਵਾਜ਼ ਬਣ ਸਕਣ ਅਤੇ ਪੰਜਾਬ ਦੇ ਹੱਕਾਂ, ਹਿੱਤਾਂ ਤੇ ਮਸਲਿਆਂ ਨੂੰ ਵਿਧਾਨ ਸਭਾ ਵਿਚ ਮਜ਼ਬੂਤੀ ਨਾਲ ਉਠਾ ਸਕਣ। ਉਨ੍ਹਾਂ ਕਿਹਾ ਕਿ ਪਾਰਟੀ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਇਕ ਮਜ਼ਬੂਤ ਖੇਤਰੀ ਸਿਆਸੀ ਬਦਲ ਦੇਣਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੀਪ ਸਿੱਧੂ ਅਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਦੇ ਲੋਕਾਂ ਅਤੇ ਨੌਜਵਾਨਾਂ ਦੇ ਮਨਾਂ ਵਿਚ ਆਪਣੀ ਵਿਸ਼ੇਸ਼ ਥਾਂ ਬਣਾਈ ਹੈ।
ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ’ਤੇ ਤਰਸੇਮ ਸਿੰਘ ਨੇ ਕਿਹਾ ਕਿ ਜਿਹੜੇ ਸਿੱਖ ਕੈਦੀ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਜੇਲ੍ਹਾਂ ਵਿਚ ਬੰਦ ਹਨ, ਉਨ੍ਹਾਂ ਦੀ ਰਿਹਾਈ ਲਈ ਪੰਜਾਬ ਵਾਸੀਆਂ ਨੂੰ ਇਕਮੁੱਠ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰਨ ਵਾਲਿਆਂ ’ਤੇ ਸਰਕਾਰਾਂ ਵਲੋਂ ਤਸ਼ੱਦਦ ਕੀਤਾ ਗਿਆ ਹੈ। ਤਰਸੇਮ ਸਿੰਘ ਨੇ ਅੱਗੇ ਕਿਹਾ ਕਿ 29 ਜੁਲਾਈ ਦੇ ਵੱਡੇ ਇਕੱਠ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਸੰਬੰਧੀ ਰਾਜਪਾਲ ਨਾਲ ਮੁਲਾਕਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮਸਲੇ ਸਿਰਫ਼ ਬਿਆਨਾਂ ਤੱਕ ਸੀਮਤ ਨਾ ਰਹਿਣ, ਸਗੋਂ ਇਨ੍ਹਾਂ ਦੇ ਹੱਲ ਲਈ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ।