ਸ਼ਾਹਕੋਟ (ਜਲੰਧਰ), 13 ਅਗਸਤ (ਏ.ਐਸ.ਅਰੋੜਾ/ ਸੁਖਦੀਪ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇ. ਬਲਦੇਵ ਸਿੰਘ ਕਲਿਆਣ ਨੇ ਅੱਜ ਧਾਰਮਿਕ ਯਾਤਰਾ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਮਹਾਂਰਾਸ਼ਟਰ ਦੇ ਨਾਂਦੇੜ ਵਿਖੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਇਹ ਘਟਨਾ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੀ ਹੈ।
ਜਥੇ. ਕਲਿਆਣ ਨੇ ਕਿਹਾ ਕਿ ਸਿੱਖਾਂ ਦੇ ਪਵਿੱਤਰ ਅਸਥਾਨ 'ਤੇ ਸਿਰਫ਼ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਨਹੀਂ ਹੋਇਆ, ਸਗੋਂ ਪੂਰੀ ਸਿੱਖ ਕੌਮ ਦੇ ਦਿਲਾਂ 'ਤੇ ਵਾਰ ਹੋਇਆ ਹੈ। ਅਜਿਹੀਆਂ ਕਾਇਰਾਨਾ ਹਰਕਤਾਂ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਉਨ੍ਹਾਂ ਮਹਾਂਰਾਸ਼ਟਰ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸ੍ਰੀ ਹਜ਼ੂਰ ਸਾਹਿਬ ਦੀ ਸੁਰੱਖਿਆ ਨੂੰ ਹੋਰ ਪੁਖ਼ਤਾ ਕੀਤਾ ਜਾਵੇ ਅਤੇ ਇਸ ਘਟਨਾ 'ਚ ਸ਼ਾਮਿਲ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਮੈਂ ਵਾਹਿਗੁਰੂ ਅੱਗੇ ਸ. ਸੁਖਬੀਰ ਸਿੰਘ ਬਾਦਲ ਅਤੇ ਜ਼ਖਮੀ ਸੁਰੱਖਿਆ ਕਰਮੀ ਦੀ ਚੜ੍ਹਦੀ ਕਲਾ ਅਤੇ ਤੰਦਰੁਸਤੀ ਦੀ ਅਰਦਾਸ ਕਰਦਾ ਹਾਂ।