ਗੁਜਰਾਤ- ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਗਿਰ ਨੈਸ਼ਨਲ ਪਾਰਕ ਦੀ ਵਾਈਲਡਲਾਈਫ ਸਫਾਰੀ ਯਾਤਰਾ ਨੂੰ ਲੈ ਕੇ ਚਰਚਾ ਵਿਚ ਹਨ। ਉਨ੍ਹਾਂ ਨੇ ਗੁਜਰਾਤ ਦੇ ਗਿਰ ਨੈਸ਼ਨਲ ਪਾਰਕ ਦਾ ਦੌਰਾ ਕਰਦਿਆਂ ਕੁਦਰਤ ਅਤੇ ਜੰਗਲੀ ਜੀਵਾਂ ਦੇ ਨੇੜੇ ਰਹਿਣ ਦਾ ਅਨੋਖਾ ਅਨੁਭਵ ਮਾਣਿਆ। ਇਸ ਦੌਰੇ ਦੀਆਂ ਕਈ ਵੀਡੀਓਜ਼ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ।
ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਵੀਡੀਓਜ਼ ਵਿਚ ਦਿਲਜੀਤ ਆਪਣੀ ਟੀਮ ਨਾਲ ਖੁੱਲ੍ਹੀ ਜੀਪ ਵਿਚ ਸਵਾਰ ਹੋ ਕੇ ਜੰਗਲ ਦੀ ਸੈਰ ਕਰਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਉਨ੍ਹਾਂ ਨੂੰ ਸ਼ੇਰਾਂ, ਸ਼ੇਰਨੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਨੇੜਿਓਂ ਦੇਖਣ ਦਾ ਮੌਕਾ ਮਿਲਿਆ। ਦਿਲਜੀਤ ਆਪਣੇ ਕੈਮਰੇ ਵਿਚ ਜੰਗਲੀ ਜੀਵਾਂ ਦੇ ਇਨ੍ਹਾਂ ਖ਼ੂਬਸੂਰਤ ਪਲਾਂ ਨੂੰ ਕੈਦ ਕਰਦੇ ਵੀ ਨਜ਼ਰ ਆਏ।
ਜ਼ਿਕਰਯੋਗ ਹੈ ਕਿ ਗਿਰ ਨੈਸ਼ਨਲ ਪਾਰਕ ਦੀ ਸਥਾਪਨਾ 1965 ਵਿਚ ਕੀਤੀ ਗਈ ਸੀ। ਇਹ ਏਸ਼ੀਆਈ ਸ਼ੇਰਾਂ ਦਾ ਦੁਨੀਆ ਵਿਚ ਇਕਲੌਤਾ ਕੁਦਰਤੀ ਨਿਵਾਸ ਸਥਾਨ ਹੈ। ਇੱਥੇ ਹਰ ਸਾਲ ਵੱਡੀ ਗਿਣਤੀ ਵਿਚ ਸੈਲਾਨੀ ਜੰਗਲੀ ਜੀਵਾਂ ਨੂੰ ਉਨ੍ਹਾਂ ਦੇ ਕੁਦਰਤੀ ਵਾਤਾਵਰਣ ਵਿਚ ਦੇਖਣ ਲਈ ਪਹੁੰਚਦੇ ਹਨ।
ਦਿਲਜੀਤ ਦੀ ਇਸ ਯਾਤਰਾ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੀ ਕਾਫ਼ੀ ਉਤਸ਼ਾਹਿਤ ਕੀਤਾ ਹੈ। ਇਹ ਦੌਰਾ ਉਨ੍ਹਾਂ ਦੇ ਅਹਿਮਦਾਬਾਦ ਵਿਚ ਹੋਣ ਵਾਲੇ ਆਗਾਮੀ ਸੰਗੀਤ ਸਮਾਗਮ ਦੀਆਂ ਤਿਆਰੀਆਂ ਵਿਚਾਲੇ ਕੁਝ ਸਮਾਂ ਕੁਦਰਤ ਦੀ ਗੋਦ ਵਿਚ ਬਿਤਾਉਣ ਦਾ ਮੌਕਾ ਵੀ ਬਣਿਆ।