ਮਾਨਸਾ, 17 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)– ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ‘ਬਿਜ਼ਨਸ ਸੁਖਬੀਰ, ਤੁਹਾਡੀ ਗੱਲ ਪੰਜਾਬ ਵੱਲ’ ਦੇ ਬੈਨਰ ਹੇਠ ਵਪਾਰੀਆਂ, ਕਾਰੋਬਾਰੀਆਂ, ਉਦਯੋਗਪਤੀਆਂ ਅਤੇ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਮਾਨਸਾ, ਬੁਢਲਾਡਾ ਤੇ ਸਰਦੂਲਗੜ੍ਹ ਵਿਖੇ ਮਿਲਣੀ ਦੌਰਾਨ ਸਿੱਧੀ ਗੱਲਬਾਤ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵੱਖਰਾ ਵਪਾਰ ਮੰਤਰਾਲਾ ਸਥਾਪਤ ਕੀਤਾ ਜਾਵੇਗਾ।
ਸਾਬਕਾ ਉਪ ਮੁੱਖ ਮੰਤਰੀ ਨੇ ਮਾਨਸਾ ਨੂੰ ਸਨਅਤੀ ਹੱਬ ਬਣਾਉਣ ਅਤੇ ਸਨਅਤੀ ਖੇਤਰ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਨਾਲ ਹੀ ਕਿਹਾ ਕਿ ‘ਬਿਲਡ ਪੰਜਾਬ’ ਵਿਭਾਗ ਵੀ ਸਥਾਪਤ ਕੀਤਾ ਜਾਵੇਗਾ, ਜੋ ਪਿਛਲੀ ਅਕਾਲੀ ਸਰਕਾਰ ਵੇਲੇ ਬਣਾਏ ‘ਇਨਵੈਸਟ ਪੰਜਾਬ’ ਵਿਭਾਗ ਦੀ ਤਰਜ਼ ’ਤੇ ਕੰਮ ਕਰੇਗਾ। ਇਸ ਵਿਭਾਗ ਅਧੀਨ ਕਾਲੋਨਾਈਜ਼ਰਾਂ ਅਤੇ ਆਮ ਲੋਕਾਂ ਨੂੰ ਐੱਨ.ਓ.ਸੀ. ਤੇ ਸੀ.ਐੱਲ.ਯੂ. ਸਮੇਤ ਲੋੜੀਂਦੀਆਂ ਮਨਜ਼ੂਰੀਆਂ ਇਕੋ ਥਾਂ ਤੋਂ ਦਿੱਤੀਆਂ ਜਾਣਗੀਆਂ।