ਨਵਾਂਸ਼ਹਿਰ, 14 ਅਗਸਤ (ਜਸਬੀਰ ਸਿੰਘ ਨੂਰਪੁਰ)- ਨਵਾਂਸ਼ਹਿਰ ਵਿਖੇ ਜ਼ਿਲਾ ਪੱਧਰੀ ਤੀਆਂ ਦਾ ਤਿਓਹਾਰ ਸਮਾਗਮ ਕਰਵਾਇਆ ਗਿਆ। ਜਿਸ ਵਿਚ ਡਾ. ਗੁਰਪ੍ਰੀਤ ਕੌਰ ਮਾਨ ਸਪਤਨੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪ੍ਰੋਗਰਾਮ ਵਿੱਚ ਮੌਜੂਦ ਮਹਿਲਾਵਾਂ ਸਭ ਨਾਲ ਮਿਲ ਕੇ ਤੀਆਂ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਪੰਜਾਬੀ ਵਿਰਸੇ, ਸੱਭਿਆਚਾਰ ਅਤੇ ਸਮਾਜ ਵਿਚ ਔਰਤਾਂ ਦੇ ਬੇਮਿਸਾਲ ਯੋਗਦਾਨ ਦੀ ਖਾਸ ਤੌਰ 'ਤੇ ਸ਼ਲਾਘਾ ਕੀਤੀ ਗਈ। ਵਿਧਾਇਕ ਸੰਤੋਸ਼ ਕਟਾਰੀਆ, ਡਾਕਟਰ ਸੁਖਵਿੰਦਰ ਕੁਮਾਰ ਸੁਖੀ, ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ ਰਾਜੀ ਲਾਲੀ ਗਿੱਲ, ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ ਵੀ ਉਨ੍ਹਾਂ ਨਾਲ ਮੌਜੂਦ ਸਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਗੁਰਪ੍ਰੀਤ ਕੌਰ ਮਾਨ ਨੇ ਕਿਹਾ ਕਿ "ਤੀਆਂ ਸਾਡੇ ਪੰਜਾਬੀ ਵਿਰਸੇ ਦਾ ਆਤਮਿਕ ਹਿੱਸਾ ਹਨ, ਜੋ ਔਰਤਾਂ ਵਿਚਕਾਰ ਆਪਸੀ ਪ੍ਰੇਮ, ਪਿਆਰ ਅਤੇ ਖ਼ੁਸ਼ੀਆਂ ਦਾ ਸੁਨੇਹਾ ਦਿੰਦੀਆਂ ਹਨ। ਅੱਜ ਦੇ ਦੌਰ ਵਿਚ ਸਾਡੀਆਂ ਧੀਆਂ ਹਰ ਖੇਤਰ ਵਿਚ ਮੋਹਰੀ ਹੋ ਕੇ ਆਪਣੀ ਯੋਗਤਾ ਦਾ ਲੋਹਾ ਮਨਵਾ ਰਹੀਆਂ ਹਨ। ਔਰਤਾਂ ਦੀ ਤਰੱਕੀ ਤੋਂ ਬਿਨ੍ਹਾਂ ਕਿਸੇ ਵੀ ਸਮਾਜ ਦਾ ਵਿਕਾਸ ਅਧੂਰਾ ਹੈ।"
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਮਹਿਲਾਵਾਂ ਦੇ ਮਾਣ-ਸਤਿਕਾਰ ਨੂੰ ਬਹਾਲ ਰੱਖਣ ਲਈ ਇਕ ਇਤਿਹਾਸਕ ਕਦਮ ਹੈ। ਧੀਆਂ ਨੂੰ ਬਰਾਬਰੀ ਦੇ ਮੌਕੇ ਅਤੇ ਯੋਗ ਸਨਮਾਨ ਦੇ ਕੇ ਹੀ ਇਕ ਖ਼ੁਸ਼ਹਾਲ ਅਤੇ ਮਜ਼ਬੂਤ ਸਮਾਜ ਦੀ ਸਿਰਜਣਾ ਸੰਭਵ ਹੈ। ਸਮਾਗਮ ਦੌਰਾਨ ਮੁਟਿਆਰਾਂ ਵਲੋਂ ਪੰਜਾਬੀ ਵਿਰਸੇ ਨੂੰ ਦਰਸਾਉਂਦਾ ਬੇਹੱਦ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤਾ ਗਿਆ। ਗਿੱਧੇ ਦੀਆਂ ਧਮਾਲਾਂ, ਰਵਾਇਤੀ ਲੋਕ-ਗੀਤਾਂ ਅਤੇ ਬੋਲੀਆਂ ਨਾਲ ਰਿਜ਼ੋਰਟ ਦਾ ਵਾਤਾਵਰਨ ਪੂਰੀ ਤਰ੍ਹਾਂ ਤੀਆਂ ਦੇ ਰੰਗ ਵਿਚ ਰੰਗਿਆ ਗਿਆ।
ਡਾ. ਮਾਨ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਸਾਡੀ ਨਵੀਂ ਪੀੜ੍ਹੀ ਨੂੰ ਆਪਣੇ ਮੁੱਲਾਂ ਅਤੇ ਅਮੀਰ ਵਿਰਸੇ ਨਾਲ ਜੋੜੀ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਸਾਰਿਆਂ ਨੂੰ ਤੀਆਂ ਦੀ ਵਧਾਈ ਦਿੰਦਿਆਂ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਅਤੇ ਅੱਗੇ ਵਧਾਉਣ ਦਾ ਸੱਦਾ ਦਿੱਤਾ।