ਲਹਿਰਾ ਮੁਹੱਬਤ (ਬਠਿੰਡਾ), 22 ਅਗਸਤ (ਸੁਖਪਾਲ ਸਿੰਘ ਸੁੱਖੀ)- ਹੁੰਮਸ ਕਾਰਨ ਪੰਜਾਬ ਵਿਚ ਬਿਜਲੀ ਦੀ ਮੰਗ ਅੱਜ 15515.28 ਮੈਗਾਵਾਟ ਤੋਂ ਟੱਪ ਗਈ ਸੀ, ਜਿਸ ਨੂੰ ਪੂਰਾ ਕਰਨ ਲਈ ਸੈਂਟਰ ਪੂਲ ਤੋਂ 10896.84 ਮੈਗਾਵਾਟ ਖ਼ਰੀਦ ਵਧਾਉਣ ਤੋਂ ਇਲਾਵਾ ਪਾਵਰਕਾਮ ਨੇ ਸੂਬੇ ਦੇ ਦੋਵੇਂ ਨਿੱਜੀ ਖੇਤਰ ਦੇ ਤਾਪ ਘਰਾਂ ’ਤੇ ਟੇਕ ਲਾਈ। ਇਸ ਸਬੰਧੀਂ ਪ੍ਰਾਪਤ ਜਾਣਕਾਰੀ ਅਨੁਸਾਰ, ਪਾਵਰਕਾਮ ਵਿਚ ਮਰਜ ਕਰਨ ਦੀ ਮੰਗ ਤੇ ਸਿੱਧੇ ਕੰਟਰੈਕਟ ਦੀ ਨਿਯੁਕਤੀ ਨੂੰ ਲੈ ਕੈ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਵਲੋਂ 24 ਦਿਨਾਂ ਤੋਂ ਮੁਕੰਮਲ ਹੜਤਾਲ ਕਰਕੇ ਸਰਕਾਰੀ ਥਰਮਲਾਂ ਦੇ ਬਿਜਲੀ ਉਤਪਾਦਨ ’ਤੇ ਗਹਿਰਾ ਅਸਰ ਦਿਖਾਈ ਦੇਣ ਲੱਗਾ ਹੈ।
ਪਰ ਜੱਥੇਬੰਦੀ ਆਗੂਆਂ ਦਾ ਕਹਿਣਾ ਹੈ ਕਿ ਜਿੱਥੇ ਸਰਕਾਰ ਥਰਮਲ ਲਹਿਰਾ ਮੁਹੱਬਤ ਦੀ ਮਸ਼ੀਨਰੀ ਨੂੰ ਖ਼ਤਮ ਕਰ ਰਹੀ। ਉਸ ਵਿਚ ਲੋਕਲ ਮੈਜ਼ਨਮੈਂਟ ਦੀ ਵੱਡੀ ਜ਼ਿੰਮੇਵਾਰੀ ਹੈ। ਲਹਿਰਾ ਥਰਮਲ ਦੇ 940 ਮੈਗਾਵਾਟ ਦੇ 4 ਚੋਂ 3 ਯੂਨਿਟ ਬੰਦ ਹੋ ਚੁੱਕੇ ਹਨ ਜੋ 1800 ਦੇ ਕਰੀਬ ਬਾਹਰ ਬੈਠੇ ਠੇਕਾ ਮੁਲਾਜ਼ਮਾਂ ਦੀ ਘਾਟ ਨੂੰ ਪੂਰਾ ਕੀਤੇ ਬਿਨ੍ਹਾਂ ਨਹੀਂ ਚੱਲ ਸਕਦੇ। ਅੱਜ ਪਤਾ ਲੱਗਾ ਹੈ ਕਿ ਗੁਰੂ ਗੋਬਿੰਦ ਸਿੰਘ ਸੁਪਰ ਤਾਪ ਬਿਜਲੀ ਘਰ ਰੋਪੜ ਦੇ ਵੀ 4 ਚੋਂ 3 ਯੂਨਿਟ ਕਿਸੇ ਤਕਨੀਕੀ ਖ਼ਰਾਬੀ ਕਾਰਨ ਬੰਦ ਹੋ ਚੁੱਕੇ ਹਨ।
ਹੁਣ ਸਿਰਫ਼ ਗੁਰੂ ਅਮਰਦਾਸ ਤਾਪ ਬਿਜਲੀ ਘਰ ਸ਼੍ਰੀ ਗੋਇੰਦਵਾਲ ਸਾਹਿਬ ਦੇ ਦੋਵੇਂ ਯੂਨਿਟ ਚੱਲ ਰਹੇ ਹਨ। ਸਰਕਾਰੀ ਖੇਤਰ ਦੇ 10 ਚੋਂ 6 ਯੂਨਿਟ ਬੰਦ ਹੋ ਚੁੱਕੇ ਹਨ ਤੇ ਸਿਰਫ਼ 4 ਯੂਨਿਟਾਂ ਦਾ 700 ਮੈਗਾਵਾਟ ਦੇ ਕਰੀਬ ਹੈ। ਨਿੱਜੀ ਖੇਤਰ ਦੇ ਤਾਪ ਘਰ ਰਾਜਪੁਰਾ ਤੇ ਤਲਵੰਡੀ ਸਾਬੋ ਤੋਂ 3000 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਸੀ। ਪਾਵਰਕਾਮ ਦੇ ਪਣ ਬਿਜਲੀ ਘਰਾਂ ਤੋਂ 419 ਮੈਗਾਵਾਟ ਤੇ ਸੋਲਰ ਤੇ ਨਾਨ ਸੋਲਰ ਤੋਂ 107 ਮੈਗਾਵਾਟ ਸੀ।
ਪੰਜਾਬ ਦਾ ਆਪਣਾ ਕੁੱਲ ਉਤਪਾਦਨ 4252 ਮੈਗਾਵਾਟ ਰਿਹਾ। ਪਰ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਸਰਕਾਰ ਤੇ ਪਾਵਰਕਾਮ ਮੈਨੇਜ਼ਮੈਂਟ ਆਪਣੇ ਅੜੀਅਲ ਰਵੱਈਏ ਕਾਰਨ ਸਰਕਾਰੀ ਥਰਮਲ ਲਹਿਰਾ ਮੁਹੱਬਤ ਦਾ ਨੁਕਸਾਨ ਕਰ ਰਹੀ ਹੈ। ਇਸ ਸਥਿਤੀ ਵਿਚ ਜਿੱਥੇ ਪੰਜਾਬ ਦੇ ਖਜ਼ਾਨੇ ਨੂੰ ਕਰੋੜਾਂ ਦਾ ਚੂਨਾ ਲੱਗ ਰਿਹਾ ਹੈ, ਉਥੇ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਦੇ ਵਿਰੋਧ ਦਾ ਪੰਜਾਬ ਸਰਕਾਰ ਨੂੰ ਭਵਿੱਖ ਵਿਚ ਸਾਹਮਣਾ ਕਰਨਾ ਮੁਸ਼ਕਿਲ ਹੋ ਜਾਵੇਗਾ।
ਇਸ ਸਬੰਧੀਂ ਚੀਫ਼ ਇੰਜਨੀਅਰ ਰੋਪੜ ਨਾਲ ਫੋਨ ਰਾਹੀਂ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਚਾਨਕ ਕਿਸੇ ਤਕਨੀਕੀ ਖ਼ਰਾਬੀ ਕਾਰਨ ਯੂਨਿਟ ਬੰਦ ਹੋਏ ਹਨ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦ ਚਲਾਏ ਜਾਣ।