ਫਾਜ਼ਿਲਕਾ, 23 ਅਗਸਤ (ਪ੍ਰਦੀਪ ਕੁਮਾਰ)- ਫਾਜ਼ਿਲਕਾ ਦੀ ਸਰਹੱਦੀ ਧਰਤੀ ’ਤੇ ਰੱਖੜੀ ਦਾ ਤਿਉਹਾਰ ਦੇਸ਼ ਭਗਤੀ ਅਤੇ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦੇ ਰੰਗ ਵਿਚ ਰੰਗਿਆ ਨਜ਼ਰ ਆਇਆ। ਸਰਹੱਦੀ ਪਿੰਡ ਆਸਫਵਾਲਾ ਵਿਖੇ ਸ਼ਹੀਦਾਂ ਦੀ ਸਮਾਧੀ ’ਤੇ ਕਰਨ ਗਿਲਹੋਤਰਾ ਫਾਊਂਡੇਸ਼ਨ ਵਲੋਂ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ 1100 ਭੈਣਾਂ ਨੇ ਫੌਜੀ ਜਵਾਨਾਂ ਦੇ ਗੁੱਟਾਂ ’ਤੇ ਰੱਖੜੀਆਂ ਬੰਨ੍ਹ ਕੇ ਉਨ੍ਹਾਂ ਦੀ ਲੰਬੀ ਉਮਰ ਅਤੇ ਦੇਸ਼ ਦੀ ਸੁਰੱਖਿਆ ਲਈ ਅਰਦਾਸ ਕੀਤੀ।
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਸ਼ਹੀਦਾਂ ਦੀ ਸਮਾਧੀ ’ਤੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਨੇਤਰਹੀਣ ਭੈਣਾਂ ਵਲੋਂ ਰਾਜਪਾਲ ਦੇ ਹੱਥ ’ਤੇ ਰੱਖੜੀ ਬੰਨ੍ਹੀ ਗਈ ਅਤੇ ਉਨ੍ਹਾਂ ਦੀ ਆਰਤੀ ਉਤਾਰ ਕੇ ਪੈਰ ਛੂਹ ਕੇ ਆਸ਼ੀਰਵਾਦ ਲਿਆ ਗਿਆ। ਇਸ ਭਾਵੁਕ ਪਲ ਨੇ ਸਮਾਗਮ ਵਿਚ ਮੌਜੂਦ ਲੋਕਾਂ ਨੂੰ ਵੀ ਭਾਵੁਕ ਕਰ ਦਿੱਤਾ। ਗਵਰਨਰ ਗੁਲਾਬ ਚੰਦ ਕਟਾਰੀਆ ਨੇ ਸਮਾਗਮ ਨੂੰ ਇਤਿਹਾਸਕ ਦੱਸਦਿਆਂ ਕਿਹਾ ਕਿ ਫਾਜ਼ਿਲਕਾ ਦੀ ਧਰਤੀ ਨੂੰ ਨਮਨ ਕਰਨਾ ਚਾਹੀਦਾ ਹੈ। ਉਨ੍ਹਾਂ 1971 ਦੀ ਜੰਗ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਾਕਿਸਤਾਨ ਨੂੰ ਰੋਕਣ ਲਈ ਫਾਜ਼ਿਲਕਾ ਦੀ ਧਰਤੀ ’ਤੇ 272 ਸਪੂਤਾਂ ਨੇ ਇਕੋ ਸਮੇਂ ਆਪਣਾ ਬਲਿਦਾਨ ਦਿੱਤਾ ਸੀ ਅਤੇ ਕਰੀਬ 90 ਫੁੱਟ ਚੌੜੀ ਚਿਤਾ ’ਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਜਿਹੜਾ ਜਵਾਨ ਦੇਸ਼ ਲਈ ਲੜਦਾ ਅਤੇ ਸ਼ਹੀਦ ਹੁੰਦਾ ਹੈ, ਉਹ ਸਿਰਫ਼ ਆਪਣੀ ਮਾਂ ਦਾ ਪੁੱਤਰ ਨਹੀਂ, ਸਗੋਂ ਹਿੰਦੁਸਤਾਨ ਦੇ 140 ਕਰੋੜ ਲੋਕਾਂ ਦਾ ਪੁੱਤਰ ਹੈ। ਉਨ੍ਹਾਂ ਕਿਹਾ ਕਿ ਫੌਜੀ ਜਵਾਨਾਂ ਦੇ ਗੁੱਟਾਂ ’ਤੇ ਬੰਨ੍ਹੀਆਂ ਰੱਖੜੀਆਂ ਦੇਸ਼ ਦੀਆਂ ਮਾਵਾਂ ਅਤੇ ਧੀਆਂ ਵਲੋਂ ਆਪਣੇ ਰੱਖਿਅਕਾਂ ਲਈ ਪਿਆਰ ਅਤੇ ਸਤਿਕਾਰ ਦਾ ਪ੍ਰਤੀਕ ਹਨ। ਕਟਾਰੀਆ ਨੇ ਫਾਜ਼ਿਲਕਾ ਦੇ ਇਤਿਹਾਸਕ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਹੂਸੈਨੀਵਾਲਾ ਵਿਖੇ ਸ਼ਹੀਦ ਭਗਤ ਸਿੰਘ ਦੀ ਸਮਾਧੀ ਲਈ ਫਾਜ਼ਿਲਕਾ ਦੇ 12 ਪਿੰਡਾਂ ਨੇ ਜ਼ਮੀਨ ਦਿੱਤੀ ਸੀ। ਉਨ੍ਹਾਂ 1965 ਦੀ ਜੰਗ ਦੌਰਾਨ ਫਾਜ਼ਿਲਕਾ ਦੀ ਧਰਤੀ ’ਤੇ ਪਾਕਿਸਤਾਨੀ ਟੈਂਕਾਂ ਦਾ ਕਬਰਿਸਤਾਨ ਬਣਾਏ ਜਾਣ ਦਾ ਵੀ ਜ਼ਿਕਰ ਕੀਤਾ।
ਰਾਜਪਾਲ ਨੇ ਭਾਰਤੀ ਫੌਜ ਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ ਸਵਰਜੀਕਲ ਸਟ੍ਰਾਈਕ ਅਤੇ ਆਪਰੇਸ਼ਨ ਸਿੰਦੂਰ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਨੇ ਦੁਸ਼ਮਣ ਦੇ ਮਨਸੂਬਿਆਂ ਨੂੰ ਨਾਕਾਮ ਕਰਕੇ ਆਪਣੀ ਤਾਕਤ ਦਾ ਲੋਹਾ ਮਨਵਾਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਹੁਣ ਰੱਖਿਆ ਖੇਤਰ ਵਿਚ ਆਤਮਨਿਰਭਰ ਬਣ ਰਿਹਾ ਹੈ ਅਤੇ ਦੁਨੀਆ ਦੇ ਹਥਿਆਰਾਂ ’ਤੇ ਨਿਰਭਰਤਾ ਘਟਾ ਰਿਹਾ ਹੈ।
ਇਸ ਮੌਕੇ ਪੰਜਾਬ ਵਿਚ ਨਸ਼ੇ ਦੀ ਸਮੱਸਿਆ ’ਤੇ ਚਿੰਤਾ ਜ਼ਾਹਿਰ ਕਰਦਿਆਂ ਰਾਜਪਾਲ ਨੇ ਕਿਹਾ ਕਿ ਨਸ਼ਾ ਪੰਜਾਬ ਲਈ ਵੱਡੀ ਚੁਣੌਤੀ ਬਣ ਚੁੱਕਾ ਹੈ। ਨਸ਼ੇ ਕਾਰਨ ਨੌਜਵਾਨ ਛੋਟੀ ਉਮਰ ਵਿਚ ਹੀ ਜਾਨਾਂ ਗੁਆ ਰਹੇ ਹਨ ਅਤੇ ਕਈ ਪਰਿਵਾਰਾਂ ਦੇ ਦੋ-ਦੋ ਤੇ ਤਿੰਨ-ਤਿੰਨ ਬੱਚੇ ਇਸ ਲਤ ਦੀ ਭੇਟ ਚੜ੍ਹ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਨੇ ਦੇਸ਼ ਦੀ ਰੱਖਿਆ ਲਈ ਦੁਸ਼ਮਣ ਨਾਲ ਲੜਾਈ ਲੜੀ ਹੈ, ਉਸੇ ਤਰ੍ਹਾਂ ਨਸ਼ੇ ਖ਼ਿਲਾਫ਼ ਵੀ ਪੂਰੀ ਤਾਕਤ ਨਾਲ ਲੜਨ ਦੀ ਲੋੜ ਹੈ। ਸਮਾਗਮ ਦੌਰਾਨ ਸਰਹੱਦੀ ਇਲਾਕਿਆਂ ਵਿੱਚ ਡਰੋਨ ਵਿਰੋਧੀ ਕਾਰਵਾਈਆਂ ਅਤੇ ਸੁਰੱਖਿਆ ਬਲਾਂ ਨੂੰ ਮਿਲ ਰਹੇ ਲੋਕਾਂ ਦੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ ਗਈ। ਸਮਾਗਮ ਨੇ ਇੱਕ ਵਾਰ ਫਿਰ ਇਹ ਸੰਦੇਸ਼ ਦਿੱਤਾ ਕਿ ਦੇਸ਼ ਦੀ ਸਰਹੱਦ ’ਤੇ ਤਾਇਨਾਤ ਜਵਾਨਾਂ ਦੇ ਨਾਲ ਪੂਰਾ ਦੇਸ਼ ਖੜ੍ਹਾ ਹੈ।