ਹੁਸ਼ਿਆਰਪੁਰ, 25 ਅਗਸਤ (ਬਲਜਿੰਦਰਪਾਲ ਸਿੰਘ)- ਸਿਹਤ ਵਿਭਾਗ ਵਲੋਂ ਲੋਕਾਂ ਦੀ ਸਿਹਤ ਨਾਲ ਹੁੰਦੇ ਖਿਲਵਾੜ ਨੂੰ ਰੋਕਣ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸਥਾਨਕ ਮਾਲ ਰੋਡ 'ਤੇ ਸਥਿਤ ਮਸ਼ਹੂਰ ਪੀਜ਼ਾ ਸ਼ਾਪ (ਲਾ ਪਿਨੋਜ਼ ਪੀਜ਼ਾ) 'ਤੇ ਅਚਾਨਕ ਛਾਪੇਮਾਰੀ ਕੀਤੀ ਗਈ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਦੀ ਅਗਵਾਈ ਹੇਠ ਹੋਈ ਇਸ ਚੈਕਿੰਗ ਦੌਰਾਨ ਸਟੋਰ 'ਚ ਭਾਰੀ ਖ਼ਾਮੀਆਂ ਸਾਹਮਣੇ ਆਈਆਂ।
ਇਸ ਮੌਕੇ ਟੀਮ ਨੂੰ ਮੌਕੇ 'ਤੇ ਮਿਆਦ ਪੁਗਾ ਚੁੱਕੇ ਸੀਜ਼ਨਿੰਗ ਪੈਕੇਟ, ਕੁਕਿੰਗ ਆਇਲ ਅਤੇ ਕਰੀਬ 12 ਰੈਪ ਪੈਕੇਟ ਮਿਲੇ, ਜਿਨ੍ਹਾਂ ਨੂੰ ਤੁਰੰਤ ਡਸਟਬਿਨ 'ਚ ਪੁਆ ਕੇ ਨਸ਼ਟ ਕਰਵਾ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਭਾਟੀਆ ਨੇ ਦੱਸਿਆ ਕਿ ਰੁਟੀਨ ਚੈਕਿੰਗ ਦੌਰਾਨ ਮਿਲੀ ਇਸ ਲਾਪ੍ਰਵਾਹੀ ਲਈ ਸਟੋਰ ਮਾਲਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ ਅਤੇ ਫੂਡ ਸੈਂਪਲ ਭਰੇ ਗਏ ਹਨ।