ਪਟਨਾ, 25 ਅਗਸਤ (ਪੀ.ਟੀ.ਆਈ.)-ਪਟਨਾ ’ਚ ਵਿਦਿਆਰਥੀਆਂ ਦੇ ਜਾਰੀ ਅੰਦੋਲਨ ਦੌਰਾਨ ਮੰਗਲਵਾਰ ਨੂੰ ਜਦੋਂ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਖਿੰਡਾਉਣ ਲਈ ਪਾਣੀ ਦੀਆਂ ਬੁਛਾੜਾਂ ਮਾਰੀਆਂ ਅਤੇ ਲਾਠੀਚਾਰਜ ਵੀ ਕੀਤਾ। ਵੱਡੀ ਗਿਣਤੀ ਵਿਚ ਬਿਹਾਰ ਲੋਕ ਸੇਵਾ ਕਮਿਸ਼ਨ (ਬੀ.ਪੀ.ਐਸ.ਸੀ.) ਦੇ ਪ੍ਰੀਖਿਆਰਥੀਆਂ ਅਤੇ ਹੋਰ ਵਿਦਿਆਰਥੀਆਂ ਨੇ ਪਟਨਾ ਦੇ ਗਾਂਧੀ ਮੈਦਾਨ ਤੋਂ ਪਹਿਲਾਂ ਤੋਂ ਐਲਾਨਿਆ ਮਾਰਚ ਸ਼ੁਰੂ ਕੀਤਾ ਅਤੇ ਡਾਕ ਬੰਗਲਾ ਚੌਕ ਤੱਕ ਪਹੁੰਚੇ, ਜਿੱਥੇ ਪੁਲਿਸ ਨੇ ਰੋਕਣ ਤੋਂ ਬਾਅਦ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ। ਡਾਕ ਬੰਗਲਾ ਚੌਕ ’ਤੇ ਵਿਦਿਆਰਥੀਆਂ ਅਤੇ ਪੁਲਿਸ ਵਿਚਕਾਰ ਧੱਕਾ-ਮੁੱਕੀ ਹੋਈ ਅਤੇ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਤੋੜ ਦਿੱਤੇ। ਇਸ ਤੋਂ ਬਾਅਦ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕੀਤੀ, ਪਰ ਵਿਦਿਆਰਥੀਆਂ ਨੇ ਪਿੱਛੇ ਹਟਣ ਦੀ ਬਜਾਏ ‘ਰੇਨ ਡਾਂਸ’ ਸ਼ੁਰੂ ਕਰ ਦਿੱਤਾ। ਕੁੱਝ ਵਿਦਿਆਰਥੀਆਂ ਨੇ ਪੁਲਿਸ ਵੱਲ ਪਥਰਾਅ ਵੀ ਕੀਤਾ, ਜਿਸ ’ਚ ਡੀ.ਐਸ.ਪੀ. ਨਰਾਇਣ ਸਿੰਘ ਸਮੇਤ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਹਾਲਾਤ ਵਿਗੜਦੇ ਦੇਖ ਪੁਲਿਸ ਨੇ ਲਾਠੀਚਾਰਜ ਵੀ ਕੀਤਾ। ਪਟਨਾ ਦੇ ਗਰਦਨੀਬਾਗ ’ਚ ਵਿਦਿਆਰਥੀ 18 ਅਗਸਤ ਤੋਂ ਧਰਨੇ ’ਤੇ ਬੈਠੇ ਹਨ। ਪ੍ਰਦਰਸ਼ਨਕਾਰੀਆਂ ’ਚ ਜ਼ਿਆਦਾਤਰ ਉਹ ਉਮੀਦਵਾਰ ਸਨ ਜੋ ਅਗਲੇ ਮਹੀਨੇ ਬਿਹਾਰ ਲੋਕ ਸੇਵਾ ਕਮਿਸ਼ਨ (ਬੀ.ਪੀ.ਐਸ.ਸੀ) ਵਲੋਂ ਕਰਵਾਈਆਂ ਜਾਣ ਵਾਲੀਆਂ ਅਧਿਆਪਕ ਭਰਤੀ ਪ੍ਰੀਖਿਆਵਾਂ ਦੇਣ ਵਾਲੇ ਹਨ। ਉਨ੍ਹਾਂ ਨੇ ਲਿਖਤੀ ਪ੍ਰੀਖਿਆ ਪ੍ਰੀਲਿਮਜ਼ ਅਤੇ ਮੇਨਜ਼ ਦੀ ਬਜਾਏ ਇੱਕ ਹੀ ਪੜਾਅ ਵਿਚ ਕਰਵਾਉਣ ਦੀ ਮੰਗ ਨੂੰ ਲੈ ਕੇ ‘ਮੁੱਖ ਮੰਤਰੀ ਆਵਾਸ ਘੇਰਾਓ’ ਦਾ ਐਲਾਨ ਕੀਤਾ ਸੀ। ਸ਼ਹਿਰ ਦੇ ਸਾਰੇ ਪ੍ਰਮੁੱਖ ਚੌਰਾਹਿਆਂ ’ਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ। ਡਾਕ ਬੰਗਲਾ ਚੌਕ ’ਤੇ ਸੀ.ਆਰ.ਪੀ.ਐਫ. ਅਤੇ ਆਰ.ਏ.ਐਫ. ਦੇ ਜਵਾਨਾਂ ਸਮੇਤ ਵਾਧੂ ਸੁਰੱਖਿਆ ਬਲ ਵੀ ਤਾਇਨਾਤ ਕੀਤੇ ਗਏ ਸਨ। ਵਿਦਿਆਰਥੀ ਪਿਛਲੇ ਕਈ ਹਫ਼ਤਿਆਂ ਤੋਂ ਪਟਨਾ ਦੇ ਗਰਦਨੀਬਾਗ ਇਲਾਕੇ ਵਿਚ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੀਆਂ ਮੁੱਖ ਮੰਗਾਂ ਵਿਚ ਬੀ.ਪੀ.ਐਸ.ਸੀ.-ਟੀ.ਆਰ.ਈ. 4 ਲਈ ਇੱਕ-ਪੜਾਅ ਵਾਲੀ ਪ੍ਰੀਖਿਆ, ਭਰਤੀ ਪ੍ਰਕਿਰਿਆ ਵਿਚ ਪਾਰਦਰਸ਼ਤਾ, ਬਿਹਾਰ ਸਟਾਫ਼ ਸਿਲੈਕਸ਼ਨ ਕਮਿਸ਼ਨ ਵਲੋਂ ਭਰਤੀ ਪ੍ਰੀਖਿਆਵਾਂ ਕਰਵਾਉਣਾ ਅਤੇ ਹਿੰਦੀ ਮਾਧਿਅਮ ਦੇ ਉਮੀਦਵਾਰਾਂ ਨੂੰ ਬਰਾਬਰ ਦੇ ਮੌਕੇ ਦੇਣਾ ਸ਼ਾਮਿਲ ਹੈ।ਪ੍ਰਦਰਸ਼ਨਕਾਰੀਆਂ ਦੇ ਇੱਕ ਧੜੇ ਨੇ ਇਸ ਸਾਲ ਦੇ ਸ਼ੁਰੂ ਵਿਚ ਬੀ.ਪੀ.ਐਸ.ਸੀ. ਵਲੋਂ ਕਰਵਾਈਆਂ ਗਈਆਂ ਸੰਯੁਕਤ ਪ੍ਰਤੀਯੋਗੀ ਪ੍ਰੀਖਿਆਵਾਂ ਨੂੰ ਵੀ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਦਾ ਦੋਸ਼ ਸੀ ਕਿ ਇਨ੍ਹਾਂ ਪ੍ਰੀਖਿਆਵਾਂ ਵਿਚ ਬੇਨਿਯਮੀਆਂ ਹੋਈਆਂ ਹਨ।
ਤਾਜ਼ਾ ਖ਼ਬਰਾਂ
Free
ਪਟਨਾ ’ਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ’ਤੇ ਲਾਠੀਚਾਰਜ
ਪਟਨਾ, 25 ਅਗਸਤ (ਪੀ.ਟੀ.ਆਈ.)-ਪਟਨਾ ’ਚ ਵਿਦਿਆਰਥੀਆਂ ਦੇ ਜਾਰੀ ਅੰਦੋਲਨ ਦੌਰਾਨ ਮੰਗਲਵਾਰ ਨੂੰ ਜਦੋਂ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਤੋੜ ਕੇ ਅੱਗੇ ਵਧਣ ...
ਅਜੀਤ ਡੈਸਕ
25-08-2026