ਡੇਰਾਬੱਸੀ (ਮੋਹਾਲੀ), 22 ਸਤੰਬਰ (ਰਣਬੀਰ ਸਿੰਘ ਪੜ੍ਹੀ)- ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਨੂੰ ਲੈ ਕੇ ਫੂਡ ਸੇਫਟੀ ਵਿਭਾਗ ਹਰਕਤ ਵਿਚ ਆ ਗਿਆ ਹੈ। ਇਸੇ ਕੜੀ ਤਹਿਤ ਵਿਭਾਗ ਦੀ ਟੀਮ ਵਲੋਂ ਡੇਰਾਬੱਸੀ ਹਲਕੇ ਦੇ ਪਿੰਡ ਸੁੰਡਰਾਂ ਵਿਖੇ ਸਥਿਤ ਇਕ ਫੈਕਟਰੀ ਵਿਚ ਛਾਪੇਮਾਰੀ ਕਰਕੇ ਉੱਥੋਂ 11 ਕਿਲੋ ਦੇ ਕਰੀਬ ਪਨੀਰ ਜ਼ਬਤ ਕੀਤਾ ਗਿਆ। ਟੀਮ ਨੇ ਪਨੀਰ ਦੇ ਨਮੂਨੇ ਲੈ ਕੇ ਜਾਂਚ ਲਈ ਲੈਬਾਰਟਰੀ ਭੇਜ ਦਿੱਤੇ ਹਨ।
ਫੂਡ ਸੇਫਟੀ ਅਧਿਕਾਰੀ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਤਿਉਹਾਰਾਂ ਦੇ ਦਿਨਾਂ ਦੌਰਾਨ ਦੁੱਧ ਅਤੇ ਦੁੱਧ ਤੋਂ ਤਿਆਰ ਹੋਣ ਵਾਲੀਆਂ ਵਸਤਾਂ ਦੀ ਮੰਗ ਵਧ ਜਾਂਦੀ ਹੈ। ਇਸ ਦੇ ਮੱਦੇਨਜ਼ਰ ਵਿਭਾਗ ਵਲੋਂ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਪਿੰਡ ਸੁੰਡਰਾਂ ਦੀ ਇਕ ਫੈਕਟਰੀ ਦੀ ਜਾਂਚ ਕਰਦਿਆਂ ਉੱਥੇ ਮੌਜੂਦ ਪਨੀਰ ਨੂੰ ਜ਼ਬਤ ਕੀਤਾ ਗਿਆ।
ਵਿਭਾਗ ਵਲੋਂ ਪਨੀਰ ਦੇ ਸੈਂਪਲ ਨਿਯਮਾਂ ਅਨੁਸਾਰ ਲੈ ਕੇ ਟੈਸਟਿੰਗ ਲਈ ਲੈਬਾਰਟਰੀ ਭੇਜੇ ਗਏ ਹਨ। ਅਧਿਕਾਰੀਆਂ ਮੁਤਾਬਕ ਲੈਬ ਰਿਪੋਰਟ ਆਉਣ ਤੋਂ ਬਾਅਦ ਹੀ ਪਨੀਰ ਦੀ ਗੁਣਵੱਤਾ ਬਾਰੇ ਸਥਿਤੀ ਸਪੱਸ਼ਟ ਹੋਵੇਗੀ ਅਤੇ ਰਿਪੋਰਟ ਦੇ ਆਧਾਰ ’ਤੇ ਨਿਯਮਾਂ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਵਿਭਾਗ ਵਲੋਂ ਪਨੀਰ ਨੂੰ ਘਟੀਆ ਜਾਂ ਮਿਲਾਵਟੀ ਕਰਾਰ ਨਹੀਂ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਅੰਤਿਮ ਨਤੀਜਾ ਲੈਬ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।