ਜਗਦਲਪੁਰ (ਛੱਤੀਸਗੜ੍ਹ), 27 ਸਤੰਬਰ - ਡੋਂਗਾਘਾਟ ਪਿੰਡ ਨੇੜੇ ਇੰਦਰਾਵਤੀ ਨਦੀ ਦੇ ਉੱਤਰੀ ਕੰਢੇ 'ਤੇ ਕੱਚੀਆਂ ਝੌਂਪੜੀਆਂ ਵਿਚ 10-12 ਨਾਗਰਿਕਾਂ ਦੇ ਫਸੇ ਹੋਣ ਦੀ ਸੂਚਨਾ ਮਿਲਣ 'ਤੇ, ਭਾਰਤੀ ਹਵਾਈ ਸੈਨਾ ਦੀ ਸੈਂਟਰਲ ਏਅਰ ਕਮਾਂਡ ਦੀ ਇਕ ਟੀਮ ਉਨ੍ਹਾਂ ਦਾ ਪਤਾ ਲਗਾਉਣ ਅਤੇ ਬਚਾਅ ਕਾਰਜ ਕਰਨ ਲਈ ਰਵਾਨਾ ਹੋਈ।
ਇਲਾਕੇ ਦੀ ਚੰਗੀ ਤਰ੍ਹਾਂ ਤਲਾਸ਼ੀ ਲੈਣ ਤੋਂ ਬਾਅਦ, ਟੀਮ ਨੇ ਉਨ੍ਹਾਂ ਨਾਗਰਿਕਾਂ ਨੂੰ ਲੱਭ ਲਿਆ ਜੋ ਹੜ੍ਹ ਦੇ ਤੇਜ਼ ਵਹਾਅ ਕਾਰਨ ਡਿੱਗਣ ਦੇ ਖ਼ਤਰੇ ਵਾਲੀ ਇਕ ਕੱਚੀ ਝੌਂਪੜੀ ਦੀ ਛੱਤ 'ਤੇ ਇਕੱਠੇ ਹੋਏ ਸਨ।
ਉਪਲਬਧ ਸੀਮਤ ਸਮੇਂ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਲੋੜ ਨੂੰ ਧਿਆਨ ਵਿਚ ਰੱਖਦਿਆਂ, ਇਕ ਦਲੇਰਾਨਾ ਬਚਾਅ ਮੁਹਿੰਮ ਚਲਾਈ ਗਈ। ਫ਼ਸੇ ਹੋਏ ਲੋਕਾਂ ਦੀ ਮਦਦ ਲਈ ਇਕ 'ਗਰੁੜ ਕਮਾਂਡੋ' ਨੂੰ ਕਮਜ਼ੋਰ ਛੱਤ 'ਤੇ ਉਤਾਰਿਆ ਗਿਆ ਅਤੇ ਫਿਰ ਉਨ੍ਹਾਂ ਲੋਕਾਂ ਨੂੰ ਹਵਾ ਵਿਚ ਖੜ੍ਹੇ ਹੈਲੀਕਾਪਟਰ 'ਤੇ ਉੱਪਰ ਖਿੱਚ ਲਿਆ ਗਿਆ।ਔਰਤਾਂ ਅਤੇ ਬੱਚਿਆਂ ਸਮੇਤ ਕੁੱਲ 12 ਨਾਗਰਿਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ।