ਪਠਾਨਕੋਟ, 13 ਨਵੰਬਰ (ਵਿਨੋਦ)- ਇਨਫੋਰਸਮੈਂਟ ਡਾਇਰੈਕਟੋਰੇਟ ਜਲੰਧਰ ਜ਼ੋਨਲ ਦਫ਼ਤਰ ਨੇ ਪਠਾਨਕੋਟ ਦੀ ਬਹੁ-ਚਰਚਿਤ ਸ਼ਾਮਲਾਟ ਜ਼ਮੀਨ ਘੁਟਾਲੇ 'ਚ ਵੱਡੀ ਕਾਰਵਾਈ ਕਰਦੇ ਹੋਏ ਸਾਬਕਾ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਕੁਲਦੀਪ ਸਿੰਘ ਅਤੇ ਸਟੋਨ ਕ੍ਰਸ਼ਰ ਤੇ ਮਾਈਨਿੰਗ ਕਾਰੋਬਾਰ ਨਾਲ ਜੁੜੇ ਨਿਪੁਣ ਮਹਾਜਨ ਨੂੰ ਮਨੀ ਲਾਂਡਰਿੰਗ ਐਕਟ 2002 ਤਹਿਤ ਗ੍ਰਿਫ਼ਤਾਰ ਕੀਤਾ ਹੈ। ਮਾਣਯੋਗ ਸਪੈਸ਼ਲ ਕੋਰਟ ਜਲੰਧਰ ਨੇ ਦੋਹਾਂ ਨੂੰ 16.11.2026 ਤੱਕ ਈ.ਡੀ. ਹਿਰਾਸਤ 'ਚ ਭੇਜ ਦਿੱਤਾ ਹੈ, ਗੱਲ ਦੱਸਣ ਯੋਗ ਹੈ ਕਿ ਇਸ ਜਾਂਚ ਦੀ ਸ਼ੁਰੂਆਤ ਵਿਜੀਲੈਂਸ ਬਿਊਰੋ, ਅੰਮ੍ਰਿਤਸਰ ਦੀ ਐਫ. ਆਈ. ਆਰ. ਨੰਬਰ 26 ਮਿਤੀ 09.08.2023 ਦੇ ਆਧਾਰ 'ਤੇ ਹੋਈ।
ਜਿਸ ਵਿਚ ਪਿੰਡ ਭੱਟੀਆਂ, ਗ੍ਰਾਮ ਪੰਚਾਇਤ ਗੋਲ, ਜ਼ਿਲ੍ਹਾ ਪਠਾਨਕੋਟ ਵਿਖੇ 734 ਕਨਾਲ 1 ਮਰਲਾ (ਲਗਭਗ 92 ਏਕੜ) ਸਾਂਝੀ ਸ਼ਾਮਲਾਟ ਜ਼ਮੀਨ ਨੂੰ ਧੋਖਾਧੜੀ ਨਾਲ ਨਿੱਜੀ ਵਿਅਕਤੀਆਂ ਦੇ ਨਾਮ ਕਰਨ ਦਾ ਮਾਮਲਾ ਹੈ। ਇਹ ਜ਼ਮੀਨ ਰਾਵੀ ਦਰਿਆ ਦੇ ਬੈਲਟ ਵਿਚ ਅੰਤਰਰਾਸ਼ਟਰੀ ਸਰਹੱਦ ਦੇ ਬਿਲਕੁਲ ਨੇੜੇ ਸਥਿਤ ਹੈ। ਗੋਲ ਪਿੰਡ ਤੋਂ ਪਾਕਿਸਤਾਨ ਬਾਰਡਰ ਦੀ ਸਿੱਧੀ ਦੂਰੀ ਲਗਭਗ 4.2 ਕਿਲੋਮੀਟਰ ਹੈ।
ਜਾਂਚ 'ਚ ਸਾਹਮਣੇ ਆਇਆ ਕਿ ਕੁਲਦੀਪ ਸਿੰਘ ਨੇ 24.02.2023 ਤੋਂ 28.02.2023 ਤੱਕ ਆਪਣੀ ਸੇਵਾਮੁਕਤੀ ਤੱਕ ਏ.ਡੀ.ਸੀ. (ਪੇਂਡੂ ਵਿਕਾਸ), ਪਠਾਨਕੋਟ ਦਾ ਵਾਧੂ ਚਾਰਜ ਸੰਭਾਲਿਆ। ਉਸ ਸਮੇਂ ਦੇ ਪੰਜਾਬ ਦੇ ਇਕ ਮੰਤਰੀ ਵਲੋਂ ਆਪਣੇ ਡੀ.ਓ. ਪੱਤਰ ਮਿਤੀ 23.02.2023 ਰਾਹੀਂ ਉਸ ਵੇਲੇ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਨੂੰ ਉਸਦੀ ਨਿਯੁਕਤੀ ਲਈ ਸਿਫਾਰਸ਼ ਕੀਤੀ ਸੀ। ਇਕ ਵਿਚੋਲੇ ਰਾਹੀਂ ਕੁਲਦੀਪ ਸਿੰਘ ਨੂੰ ਸ਼ਾਮਲਾਟ ਜ਼ਮੀਨ ਦੇ ਤਬਾਦਲੇ ਸਬੰਧੀ ਆਰਡਰ ਜਲਦੀ ਪਾਸ ਕਰਨ ਦੀ ਬੇਨਤੀ ਪਹੁੰਚਾਈ ਗਈ। ਕੁਲਦੀਪ ਸਿੰਘ ਨੇ ਮੰਨਿਆ ਕਿ ਉਸ ਬੇਨਤੀ ਤੋਂ ਬਾਅਦ ਉਸਨੇ ਆਪਣੀ ਸੇਵਾਮੁਕਤੀ ਤੋਂ ਇਕ ਦਿਨ ਪਹਿਲਾਂ 27.02.2023 ਨੂੰ ਸ਼ਾਮਲਾਟ ਜ਼ਮੀਨ ਦੇ ਨਿੱਜੀ ਦਾਅਵੇਦਾਰਾਂ ਦੇ ਹੱਕ ਵਿਚ ਆਰਡਰ ਪਾਸ ਕਰ ਦਿੱਤਾ।
ਕਰੈਸ਼ਰ ਮਾਲਕ ਨਿਪੁਣ ਮਹਾਜਨ ਨੇ ਖੁਲਾਸਾ ਕੀਤਾ ਕਿ ਇਸ ਖਣਿਜ ਭਰਪੂਰ ਸ਼ਾਮਲਾਟ ਜ਼ਮੀਨ 'ਤੇ ਕਬਜ਼ਾ ਲੈਣ ਲਈ ਉਸਨੇ ਐਫ. ਆਈ. ਆਰ. 'ਚ ਨਾਮਜ਼ਦ ਦੋਸ਼ੀਆਂ ਨਾਲ ਪਾਵਰ ਆਫ ਅਟਾਰਨੀ ਅਤੇ ਖਰੀਦ ਸਮਝੌਤੇ ਕੀਤੇ ਅਤੇ ਉਨ੍ਹਾਂ ਨੂੰ ਬੈਂਕ ਖਾਤਿਆਂ ਅਤੇ ਨਕਦ ਰਾਹੀਂ ਭੁਗਤਾਨ ਕੀਤਾ। ਇਸ ਤੋਂ ਪਹਿਲਾਂ 16.07.2026 ਨੂੰ ਇਸ ਕੇਸ ਨਾਲ ਜੁੜੇ 16 ਟਿਕਾਣਿਆਂ 'ਤੇ ਤਲਾਸ਼ੀ ਲਈ ਗਈ ਸੀ, ਜਿਸ ਦੌਰਾਨ ਨਿਪੁਣ ਮਹਾਜਨ ਦੇ ਟਿਕਾਣੇ ਤੋਂ 1.75 ਕਰੋੜ ਰੁਪਏ ਨਕਦ ਜ਼ਬਤ ਕੀਤਾ ਗਿਆ। ਉਸ ਨਾਲ ਜੁੜੇ 31 ਬੈਂਕ ਖਾਤੇ ਵੀ ਫ੍ਰੀਜ਼ ਕੀਤੇ ਗਏ, ਜਿਨ੍ਹਾਂ ਵਿਚ 18.07.2026 ਤੱਕ 91.34 ਲੱਖ ਰੁਪਏ ਦੀ ਰਾਸ਼ੀ ਸੀ। ਤਲਾਸ਼ੀ ਦੌਰਾਨ ਹੋਰ ਅਪਰਾਧਿਕ ਦਸਤਾਵੇਜ਼ ਵੀ ਮਿਲੇ, ਜਿਨ੍ਹਾਂ ਤੋਂ ਪਤਾ ਲੱਗਾ ਕਿ ਗਾਹਕਾਂ ਤੋਂ ਲਈ ਰਸੀਦਾਂ ਕਿਤਾਬਾਂ 'ਚ ਦਰਜ ਨਹੀਂ ਕੀਤੀਆਂ ਗਈਆਂ ਅਤੇ ਵਿਕਰੀ ਦੇ ਵੱਡੇ ਹਿੱਸੇ ਲਈ Q-ਫਾਰਮ ਜਾਰੀ ਨਹੀਂ ਕੀਤੇ ਗਏ, ਜੋ ਉਸਦੀਆਂ ਕ੍ਰਸ਼ਰ ਇਕਾਈਆਂ ਰਾਹੀਂ ਰੇਤ ਅਤੇ ਹੋਰ ਖਣਿਜਾਂ ਦੀ ਨਾਜਾਇਜ਼ ਵਿਕਰੀ ਨੂੰ ਦਰਸਾਉਂਦਾ ਹੈ।
92 ਏਕੜ ਸ਼ਾਮਲਾਟ ਜ਼ਮੀਨ 'ਤੇ ਆਈ. ਆਈ. ਟੀ. ਰੋਪੜ ਦੀ ਟੀਮ ਵਲੋਂ ਡਰੋਨ ਅਤੇ ਬਾਥੀਮੈਟ੍ਰਿਕ ਸਰਵੇ ਕੀਤਾ ਗਿਆ, ਜਿਸ 'ਚ 50.74 ਲੱਖ ਘਣ ਫੁੱਟ ਨਾਜਾਇਜ਼ ਖੁਦਾਈ ਦਾ ਅੰਦਾਜ਼ਾ ਲਗਾਇਆ ਗਿਆ, ਜਿਸਦੀ ਕੀਮਤ 11.16 ਕਰੋੜ ਰੁਪਏ ਬਣਦੀ ਹੈ। ਜਾਂਚ ਦੌਰਾਨ ਇਕੱਠੀ ਕੀਤੀ ਜਾਣਕਾਰੀ ਦੇ ਆਧਾਰ 'ਤੇ ਭੱਟੀਆਂ ਅਤੇ ਗੋਲ ਪਿੰਡ ਦੇ ਆਸ-ਪਾਸ ਹੋਰ ਥਾਵਾਂ 'ਤੇ ਵੀ ਵੱਡੇ ਪੱਧਰ 'ਤੇ ਨਾਜਾਇਜ਼ ਖੁਦਾਈ ਦੇਖੀ ਗਈ। ਇਹਨਾਂ ਖੇਤਰਾਂ 'ਚ ਆਈ.ਆਈ.ਟੀ. ਰੋਪੜ ਦੀ ਸਰਵੇ ਰਿਪੋਰਟ ਨੇ ਭੱਟੀਆਂ-ਗੋਲ ਖੇਤਰ ਦੇ ਸੱਤ ਚੁਣੇ ਹੋਏ ਸਥਾਨਾਂ 'ਤੇ 27 ਨਾਜਾਇਜ਼ ਤੌਰ 'ਤੇ ਖੋਦੇ ਗਏ ਟੋਇਆਂ ਦਾ ਖੁਲਾਸਾ ਕੀਤਾ।