ਜਗਰਾਉਂ (ਲੁਧਿਆਣਾ), 18 ਨਵੰਬਰ (ਕੁਲਦੀਪ ਸਿੰਘ ਲੋਹਟ) - ਮਾਲਵੇ ਦੀ ਧਰਤੀ ’ਤੇ ਰੰਗਮੰਚ ਦੀ ਮਸ਼ਾਲ ਜਗਾਉਣ ਵਾਲੇ ਉੱਘੇ ਨਾਟਕਕਾਰ, ਨਿਰਦੇਸ਼ਕ ਅਤੇ ਰੰਗਕਰਮੀ ਬਲਬੀਰ ਬੱਲੀ ਨੂੰ ਸੈਂਕੜੇ ਨਮ ਅੱਖਾਂ ਨੇ ਅੰਤਿਮ ਵਿਦਾਈ ਦਿੱਤੀ। ਉਨ੍ਹਾਂ ਦੀ ਅੰਤਿਮ ਯਾਤਰਾ ਦੌਰਾਨ ਫੁੱਲਾਂ ਦੀ ਵਰਖਾ ਕਰਕੇ ਲੋਕਾਂ ਨੇ ਆਪਣੇ ਹਰਮਨਪਿਆਰੇ ਕਲਾਕਾਰ ਨੂੰ ਸ਼ਰਧਾਂਜਲੀ ਭੇਟ ਕੀਤੀ। ਅੰਤਿਮ ਸੰਸਕਾਰ ਮੌਕੇ ਸਿਆਸੀ ਆਗੂਆਂ, ਸਾਹਿਤਕਾਰਾਂ ਅਤੇ ਰੰਗਕਰਮੀਆਂ ਨੇ ਸ਼ਿਰਕਤ ਕੀਤੀ। ਸਿਰਜਣਾ ਆਰਟ ਗਰੁੱਪ ਰਾਏਕੋਟ ਰਾਹੀਂ ਬਲਬੀਰ ਬੱਲੀ ਨੇ 30 ਤੋਂ ਵੱਧ ਨਾਟਕਾਂ ਦੀਆਂ 500 ਤੋਂ ਵੱਧ ਪੇਸ਼ਕਾਰੀਆਂ ਕਰਕੇ ਪੰਜਾਬੀ ਰੰਗਮੰਚ ਨੂੰ ਵਿਲੱਖਣ ਪਛਾਣ ਦਿਵਾਈ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਪੁੱਤਰਾਂ ਅਕਾਸ਼ਦੀਪ ਸਿੰਘ ਅਤੇ ਜਸਪ੍ਰੀਤ ਸਿੰਘ ਜੱਸੂ ਨੇ ਦਿਖਾਈ।ਇਸ ਮੌਕੇ ਵਿਧਾਇਕ ਹਾਕਮ ਸਿੰਘ ਠੇਕੇਦਾਰ, ਭੁਪਿੰਦਰ ਬਰਨਾਲਾ, ਦਵੀ ਦਵਿੰਦਰ ਕੌਰ, ਰਾਜ ਮਾਨਸਾ ਅਤੇ ਦਲਬੀਰ ਸਿੰਘ ਸਮੇਤ ਹੋਰਨਾਂ ਨੇ ਕਿਹਾ ਕਿ ਬਲਬੀਰ ਬੱਲੀ ਦਾ ਵਿਛੋੜਾ ਪੰਜਾਬੀ ਰੰਗਮੰਚ ਅਤੇ ਸਾਹਿਤਕ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਕਿਹਾ ਕਿ ਬੱਲੀ ਆਪਣੀਆਂ ਕਲਾ ਕਿਰਤਾਂ ਅਤੇ ਲੋਕ ਪੱਖੀ ਸੋਚ ਸਦਕਾ ਹਮੇਸ਼ਾ ਲੋਕ ਮਨਾਂ ਵਿਚ ਜਿਊਂਦੇ ਰਹਿਣਗੇ।