19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ ’ਚ ਭਾਰਤ ਦੀ ਜੇਤੂ ਸ਼ੁਰੂਆਤ

ਭੋਪਾਲ- ਮੌਜੂਦਾ ਚੈਂਪੀਅਨ ਭਾਰਤੀ ਮਹਿਲਾ ਹਾਕੀ ਟੀਮ ਨੇ ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ 2026 'ਚ ਜਿੱਤ ਨਾਲ ਆਪਣੀ ਮੁਹਿੰਮ ਦਾ ਆਗਾਜ਼ ਕੀਤਾ ਹੈ। ਵੀਰਵਾਰ ਨੂੰ ਭੋਪਾਲ ਦੇ ਨੱਥੂ ਬਰਖੇੜਾ ਸਥਿਤ ਅੰਤਰਰਾਸ਼ਟਰੀ ਖੇਡ ਕੰਪਲੈਕਸ ਵਿਚ ਖੇਡੇ ਗਏ ਮੁਕਾਬਲੇ ਦੌਰਾਨ ਭਾਰਤ ਨੇ ਮਲੇਸ਼ੀਆ ਨੂੰ 4-1 ...

Ad Position 21
No active advertisement
ਅਜੀਤ ਡੈਸਕ 19-11-2026

ਮਲੇਸ਼ੀਆ ਨੂੰ 4-1 ਨਾਲ ਦਿੱਤੀ ਕਰਾਰੀ ਮਾਤ
ਭੋਪਾਲ- ਮੌਜੂਦਾ ਚੈਂਪੀਅਨ ਭਾਰਤੀ ਮਹਿਲਾ ਹਾਕੀ ਟੀਮ ਨੇ ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ 2026 'ਚ ਜਿੱਤ ਨਾਲ ਆਪਣੀ ਮੁਹਿੰਮ ਦਾ ਆਗਾਜ਼ ਕੀਤਾ ਹੈ। ਵੀਰਵਾਰ ਨੂੰ ਭੋਪਾਲ ਦੇ ਨੱਥੂ ਬਰਖੇੜਾ ਸਥਿਤ ਅੰਤਰਰਾਸ਼ਟਰੀ ਖੇਡ ਕੰਪਲੈਕਸ ਵਿਚ ਖੇਡੇ ਗਏ ਮੁਕਾਬਲੇ ਦੌਰਾਨ ਭਾਰਤ ਨੇ ਮਲੇਸ਼ੀਆ ਨੂੰ 4-1 ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਪਹਿਲੇ ਹਾਫ਼ ਵਿਚ ਦੋਵੇਂ ਟੀਮਾਂ 1-1 ਦੀ ਬਰਾਬਰੀ ’ਤੇ ਸਨ, ਪਰ ਦੂਜੇ ਹਾਫ਼ ਵਿਚ ਭਾਰਤੀ ਖਿਡਾਰੀਆਂ ਨੇ ਤਿੰਨ ਹੋਰ ਗੋਲ ਕਰਕੇ ਮੈਚ ਆਪਣੇ ਨਾਮ ਕਰ ਲਿਆ।

ਮੁਮਤਾਜ਼, ਸਲੀਮਾ, ਪੂਜਾ ਅਤੇ ਲਾਲਰੇਮਸਿਆਮੀ ਨੇ ਦਾਗੇ ਗੋਲ

ਮੁਕਾਬਲੇ ਦੇ ਪਹਿਲੇ ਕੁਆਰਟਰ ਵਿੱਚ ਦੋਵੇਂ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ। ਦੂਜੇ ਕੁਆਰਟਰ ਦੇ 19ਵੇਂ ਮਿੰਟ ਵਿੱਚ ਮਲੇਸ਼ੀਆ ਦੀ ਖਿਡਾਰਨ ਨੂਰਾਮੀਰਾ ਜ਼ੁਲਕਿਫਲੀ ਨੇ ਫੀਲਡ ਗੋਲ ਕਰਕੇ ਆਪਣੀ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। ਇਸ ਤੋਂ ਤੁਰੰਤ ਬਾਅਦ 20ਵੇਂ ਮਿੰਟ ਵਿੱਚ ਮੁਮਤਾਜ਼ ਖਾਨ ਨੇ ਗੋਲ ਕਰਕੇ ਭਾਰਤ ਨੂੰ ਬਰਾਬਰੀ ’ਤੇ ਲਿਆ ਦਿੱਤਾ।

ਤੀਜੇ ਕੁਆਰਟਰ ਵਿੱਚ ਭਾਰਤੀ ਟੀਮ ਨੇ ਹਮਲਾਵਰ ਖੇਡ ਦਿਖਾਈ। 35ਵੇਂ ਮਿੰਟ ਵਿੱਚ ਕਪਤਾਨ ਸਲੀਮਾ ਟੇਟੇ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ। ਇਸ ਤੋਂ ਚਾਰ ਮਿੰਟ ਬਾਅਦ 39ਵੇਂ ਮਿੰਟ ਵਿੱਚ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਖੇਡ ਰਹੀ ਪੂਜਾ ਸਾਹੂ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 3-1 ਕਰ ਦਿੱਤਾ। ਸ਼ਾਨਦਾਰ ਪ੍ਰਦਰਸ਼ਨ ਲਈ ਪੂਜਾ ਸਾਹੂ ਨੂੰ 'ਪਲੇਅਰ ਆਫ਼ ਦ ਮੈਚ' ਚੁਣਿਆ ਗਿਆ।

ਮੈਚ ਦੇ ਚੌਥੇ ਕੁਆਰਟਰ ਵਿੱਚ 49ਵੇਂ ਮਿੰਟ ਦੌਰਾਨ ਲਾਲਰੇਮਸਿਆਮੀ ਨੇ ਪੈਨਲਟੀ ਕਾਰਨਰ ਤੋਂ ਗੋਲ ਕਰਕੇ ਭਾਰਤ ਦੀ ਜਿੱਤ ਯਕੀਨੀ ਬਣਾ ਦਿੱਤੀ। ਇਸ ਤਰ੍ਹਾਂ ਭਾਰਤੀ ਟੀਮ ਨੇ 4-1 ਨਾਲ ਮੁਕਾਬਲਾ ਜਿੱਤ ਕੇ ਟੂਰਨਾਮੈਂਟ ਵਿਚ ਤਿੰਨ ਅੰਕ ਹਾਸਲ ਕੀਤੇ।

ਚੀਨ ਅਤੇ ਜਾਪਾਨ ਨੇ ਵੀ ਜਿੱਤ ਨਾਲ ਕੀਤਾ ਆਗਾਜ਼

ਟੂਰਨਾਮੈਂਟ ਦੇ ਪਹਿਲੇ ਦਿਨ ਖੇਡੇ ਗਏ ਹੋਰ ਮੁਕਾਬਲਿਆਂ ਵਿੱਚ ਚੀਨ ਨੇ ਥਾਈਲੈਂਡ ਨੂੰ 7-0 ਨਾਲ ਕਰਾਰੀ ਹਾਰ ਦਿੱਤੀ, ਜਦਕਿ ਜਾਪਾਨ ਨੇ ਦੱਖਣੀ ਕੋਰੀਆ ਨੂੰ 1-0 ਨਾਲ ਹਰਾਇਆ। ਜਾਪਾਨ ਲਈ ਹਾਨਾਮੀ ਸੈਤੋ ਨੇ ਮੈਚ ਦੇ 59ਵੇਂ ਮਿੰਟ ਵਿੱਚ ਜੇਤੂ ਗੋਲ ਕੀਤਾ।

ਪਹਿਲੀ ਵਾਰ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਭੋਪਾਲ

ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ 2026 ਦੀ ਮੇਜ਼ਬਾਨੀ ਭੋਪਾਲ ਲਈ ਖ਼ਾਸ ਮਹੱਤਵ ਰੱਖਦੀ ਹੈ, ਕਿਉਂਕਿ ਸ਼ਹਿਰ ਵਿਚ ਪਹਿਲੀ ਵਾਰ ਕਿਸੇ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦਾ ਆਯੋਜਨ ਕੀਤਾ ਜਾ ਰਿਹਾ ਹੈ। ਟੂਰਨਾਮੈਂਟ ਦੇ ਪਹਿਲੇ ਦਿਨ ਵੱਡੀ ਗਿਣਤੀ ਵਿਚ ਹਾਕੀ ਪ੍ਰੇਮੀ ਮੈਦਾਨ ਵਿਚ ਪਹੁੰਚੇ ਅਤੇ ਖਿਡਾਰੀਆਂ ਦਾ ਹੌਸਲਾ ਵਧਾਇਆ।

ਇਸ ਮੌਕੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਅਤੇ ਖੇਡ ਤੇ ਯੁਵਾ ਭਲਾਈ ਮੰਤਰੀ ਵਿਸ਼ਵਾਸ ਕੈਲਾਸ਼ ਸਾਰੰਗ ਸਮੇਤ ਕਈ ਪਤਵੰਤੇ ਮੌਜੂਦ ਸਨ।

21 ਨਵੰਬਰ ਨੂੰ ਦੱਖਣੀ ਕੋਰੀਆ ਨਾਲ ਹੋਵੇਗਾ ਭਾਰਤ ਦਾ ਮੁਕਾਬਲਾ

ਟੂਰਨਾਮੈਂਟ ਵਿਚ 20 ਨਵੰਬਰ ਨੂੰ ਆਰਾਮ ਦਾ ਦਿਨ ਰੱਖਿਆ ਗਿਆ ਹੈ। ਇਸ ਤੋਂ ਬਾਅਦ 21 ਨਵੰਬਰ ਨੂੰ ਭਾਰਤੀ ਮਹਿਲਾ ਹਾਕੀ ਟੀਮ ਦਾ ਸਾਹਮਣਾ ਦੱਖਣੀ ਕੋਰੀਆ ਨਾਲ ਹੋਵੇਗਾ। ਮਲੇਸ਼ੀਆ ਵਿਰੁੱਧ ਮਿਲੀ ਸ਼ਾਨਦਾਰ ਜਿੱਤ ਤੋਂ ਬਾਅਦ ਭਾਰਤੀ ਟੀਮ ਦੀ ਕੋਸ਼ਿਸ਼ ਅਗਲੇ ਮੁਕਾਬਲੇ ਵਿੱਚ ਵੀ ਜਿੱਤ ਦਾ ਸਿਲਸਿਲਾ ਜਾਰੀ ਰੱਖਣ ਦੀ ਹੋਵੇਗੀ।

Ad Position 22
No active advertisement
ਅਗਲੀ ਖ਼ਬਰ ਸੈਫ ਅਲੀ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ: ਬਾਬਾ ਸਿੱਦੀਕੀ ਕਤਲ ਕਾਂਡ ਦੇ ਮੁਲਜ਼ਮ ਜੀਸ਼ਾਨ ਅਖ਼ਤਰ ਦਾ ਨਾਮ ਆਇਆ ਸਾਹਮਣੇ
Ad Position 24