ਵੈਲਿੰਗਟਨ-ਭਾਰਤੀ ਕ੍ਰਿਕਟ ਟੀਮ ਦੇ ਤਜਰਬੇਕਾਰ ਬੱਲੇਬਾਜ਼ ਕੇ.ਐਲ. ਰਾਹੁਲ ਨੇ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਟੈਸਟ ਮੈਚ ਵਿਚ ਸ਼ਾਨਦਾਰ ਸੈਂਕੜਾ ਲਗਾ ਕੇ ਆਪਣੀ ਬੱਲੇਬਾਜ਼ੀ ਦਾ ਲੋਹਾ ਮਨਵਾਇਆ। ਰਾਹੁਲ ਨੇ ਪਹਿਲੀ ਪਾਰੀ ਵਿੱਚ 290 ਗੇਂਦਾਂ ਦਾ ਸਾਹਮਣਾ ਕਰਦਿਆਂ 136 ਦੌੜਾਂ ਬਣਾਈਆਂ। ਇਹ ਉਨ੍ਹਾਂ ਦੇ ਟੈਸਟ ਕਰੀਅਰ ਦਾ 13ਵਾਂ ਸੈਂਕੜਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਖਣੀ ਅਫਰੀਕਾ, ਇੰਗਲੈਂਡ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ (SENA) ਚਾਰਾਂ ਦੇਸ਼ਾਂ ਵਿੱਚ ਟੈਸਟ ਸੈਂਕੜਾ ਲਗਾਉਣ ਦੀ ਉਪਲਬਧੀ ਵੀ ਹਾਸਲ ਕੀਤੀ।
ਰਾਹੁਲ ਦੀ ਇਸ ਸ਼ਾਨਦਾਰ ਪਾਰੀ ਦੀ ਬਦੌਲਤ ਭਾਰਤ ਨੇ ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਚਾਰ ਵਿਕਟਾਂ ਦੇ ਨੁਕਸਾਨ ’ਤੇ 486 ਦੌੜਾਂ ਬਣਾ ਲਈਆਂ ਅਤੇ ਪਹਿਲੀ ਪਾਰੀ ਵਿੱਚ 118 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ।
ਮੈਚ ਤੋਂ ਬਾਅਦ ਰਾਹੁਲ ਨੇ ਆਪਣੀ ਬੱਲੇਬਾਜ਼ੀ ਵਿਚ ਆਏ ਬਦਲਾਅ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਕਰੀਅਰ ਦੇ ਮੁਸ਼ਕਲ ਦੌਰ ਵਿਚ ਤਕਨੀਕ ਕਦੇ ਵੀ ਸਮੱਸਿਆ ਨਹੀਂ ਰਹੀ। ਅਸਲ ਚੁਣੌਤੀ ਵੱਖ-ਵੱਖ ਹਾਲਾਤਾਂ ਮੁਤਾਬਕ ਬੱਲੇਬਾਜ਼ੀ ਕਰਨ ਦਾ ਸਹੀ ਤਰੀਕਾ ਲੱਭਣਾ ਸੀ। ਉਨ੍ਹਾਂ ਦੱਸਿਆ ਕਿ ਪਹਿਲਾਂ ਉਹ ਹਰ ਗੇਂਦ ’ਤੇ ਹਮਲਾਵਰ ਸ਼ਾਟ ਖੇਡਣ ਦੀ ਕੋਸ਼ਿਸ਼ ਕਰਦੇ ਸਨ, ਪਰ ਹੁਣ ਉਨ੍ਹਾਂ ਨੇ ਸਬਰ ਨਾਲ ਖੇਡਣਾ ਸਿੱਖ ਲਿਆ ਹੈ।
ਰਾਹੁਲ ਨੇ ਕਿਹਾ ਕਿ ਸੀਮ ਅਤੇ ਸਵਿੰਗ ਵਾਲੀਆਂ ਪਿੱਚਾਂ ’ਤੇ ਹਰ ਗੇਂਦ ਨੂੰ ਹਿੱਟ ਕਰਨ ਦੀ ਬਜਾਏ ਗੇਂਦ ਅਤੇ ਬੱਲੇ ਵਿਚਕਾਰ ਸੰਪਰਕ ਘੱਟ ਰੱਖਣਾ ਕਈ ਵਾਰ ਵਧੇਰੇ ਫਾਇਦੇਮੰਦ ਹੁੰਦਾ ਹੈ। ਉਨ੍ਹਾਂ ਮੁਤਾਬਕ ਨਿਊਜ਼ੀਲੈਂਡ ਦੇ ਹਾਲਾਤਾਂ ਨੂੰ ਸਮਝਣ ਲਈ ਉਨ੍ਹਾਂ ਨੇ ਕਾਫ਼ੀ ਸਮਾਂ ਨੈੱਟ ਪ੍ਰੈਕਟਿਸ ਵਿੱਚ ਬਿਤਾਇਆ ਅਤੇ ਆਪਣੀ ਬੱਲੇਬਾਜ਼ੀ ਲਈ ਸਹੀ ਗਾਰਡ ਤੇ ਸਟਾਂਸ ’ਤੇ ਕੰਮ ਕੀਤਾ।
ਉਨ੍ਹਾਂ ਦੱਸਿਆ ਕਿ ਨਿਊਜ਼ੀਲੈਂਡ ਦੌਰੇ ਦੀ ਤਿਆਰੀ ਕਈ ਮਹੀਨੇ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਉਨ੍ਹਾਂ ਨੇ ਉਨ੍ਹਾਂ ਬੱਲੇਬਾਜ਼ਾਂ ਦੇ ਵੀਡੀਓ ਵੀ ਦੇਖੇ, ਜਿਨ੍ਹਾਂ ਨੇ ਪਹਿਲਾਂ ਨਿਊਜ਼ੀਲੈਂਡ ਦੀਆਂ ਪਿੱਚਾਂ ’ਤੇ ਵੱਡੀਆਂ ਪਾਰੀਆਂ ਖੇਡੀਆਂ ਸਨ। ਰਾਹੁਲ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਖਾਸ ਤਕਨੀਕ ਨੂੰ ਅਪਣਾਉਣਾ ਨਹੀਂ, ਸਗੋਂ ਹਾਲਾਤਾਂ ਨੂੰ ਸਮਝ ਕੇ ਆਪਣੀਆਂ ਦੌੜਾਂ ਬਣਾਉਣ ਦੀਆਂ ਸੰਭਾਵਨਾਵਾਂ ਵਧਾਉਣਾ ਸੀ।
ਜ਼ਿਕਰਯੋਗ ਹੈ ਕਿ ਇਹ ਰਾਹੁਲ ਦਾ ਨਿਊਜ਼ੀਲੈਂਡ ਵਿਚ ਪਹਿਲਾ ਟੈਸਟ ਮੈਚ ਸੀ। ਆਪਣੇ ਲੰਬੇ ਟੈਸਟ ਕਰੀਅਰ ਦੌਰਾਨ ਉਹ ਇਸ ਤੋਂ ਪਹਿਲਾਂ ਇੱਥੇ ਕੋਈ ਟੈਸਟ ਮੈਚ ਨਹੀਂ ਖੇਡ ਸਕੇ ਸਨ। ਉਨ੍ਹਾਂ ਕਿਹਾ ਕਿ ਇਸ ਮੌਕੇ ਨੂੰ ਉਹ ਆਪਣੇ ਆਪ ਨੂੰ ਪਰਖਣ ਦੇ ਇਕ ਵੱਡੇ ਮੌਕੇ ਵਜੋਂ ਦੇਖ ਰਹੇ ਸਨ।
ਭਾਰਤੀ ਗੇਂਦਬਾਜ਼ਾਂ ਦੀ ਵੀ ਕੀਤੀ ਸ਼ਲਾਘਾ
ਰਾਹੁਲ ਨੇ ਨਿਊਜ਼ੀਲੈਂਡ ਦੀ ਪਹਿਲੀ ਪਾਰੀ 368 ਦੌੜਾਂ ’ਤੇ ਸਮੇਟਣ ਲਈ ਭਾਰਤੀ ਗੇਂਦਬਾਜ਼ਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਟੀਮ ਨੂੰ ਪਿੱਚ ਤੋਂ ਗੇਂਦਬਾਜ਼ਾਂ ਲਈ ਵਧੇਰੇ ਮਦਦ ਦੀ ਉਮੀਦ ਸੀ, ਪਰ ਹਾਲਾਤ ਉਮੀਦ ਮੁਤਾਬਕ ਨਹੀਂ ਸਨ। ਇਸ ਦੇ ਬਾਵਜੂਦ ਭਾਰਤੀ ਗੇਂਦਬਾਜ਼ਾਂ ਨੇ ਪਹਿਲੇ ਸੈਸ਼ਨ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਨਿਊਜ਼ੀਲੈਂਡ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕਿਆ। ਉਨ੍ਹਾਂ ਕਿਹਾ ਕਿ 368 ਦੌੜਾਂ ’ਤੇ ਵਿਰੋਧੀ ਟੀਮ ਨੂੰ ਰੋਕਣਾ ਭਾਰਤ ਲਈ ਚੰਗਾ ਰਿਹਾ, ਜਿਸ ਨਾਲ ਟੀਮ ਨੂੰ ਆਪਣੀ ਪਹਿਲੀ ਪਾਰੀ ਵਿਚ ਵੱਡਾ ਸਕੋਰ ਬਣਾਉਣ ਦਾ ਮੌਕਾ ਮਿਲਿਆ।