ਟੋਰਾਂਟੋ, 22 ਨਵੰਬਰ (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਆਰਥਿਕ ਇੰਜਣ ਵਜੋਂ ਜਾਣੇ ਜਾਂਦੇ ਤੇ ਅਬਾਦੀ ਪੱਖੋਂ ਸਭ ਤੋਂ ਵੱਡੇ ਪ੍ਰਾਂਤ ਉਂਟਾਰੀਓ ’ਚ ਨਵਦੀਪ ਸਿੰਘ ਬੈਂਸ (49) ਬੀਤੇ ਕੱਲ੍ਹ ਪ੍ਰਾਂਤਕ ਲਿਬਰਲ ਪਾਰਟੀ ਦੇ ਆਗੂ ਚੁਣੇ ਗਏ। ਸੂਬੇ ਵਿਚ ਹੋਣ ਵਾਲੀ ਅਗਲੀ ਵਿਧਾਨ ਸਭਾ ਚੋਣ ਵਿਚ ਜੇਕਰ ਲਿਬਰਲ ਪਾਰਟੀ ਨੂੰ ਜਿੱਤ ਪ੍ਰਾਪਤ ਹੁੰਦੀ ਹੈ ਤਾਂ ਬੈਂਸ ਦੀ ਅਗਵਾਈ ਵਿਚ ਸਰਕਾਰ ਬਣੇਗੀ ਤੇ ਉਹ ਉਂਟਾਰੀਓ ਦੇ ਅਗਲੇ ਮੁੱਖ ਮੰਤਰੀ ਹੋਣਗੇ।
ਉਨ੍ਹਾਂ ਦੀ ਮੁੱਖ ਟੱਕਰ 2018 ਤੋਂ ਵੱਡੇ ਬਹੁਮੱਤ ਨਾਲ ਸਰਕਾਰ ਚਲਾ ਰਹੀ ਸੱਤਾਧਾਰੀ ਪ੍ਰੌਗਰੈਸਿਵ ਕੰਜ਼ਰਵੇਟਿਵ ਪਾਰਟੀ ਤੇ ਮੌਜੂਦਾ ਮੁੱਖ ਮੰਤਰੀ ਡਗਲਸ ਫੋਰਡ ਨਾਲ ਹੋਵੇਗੀ। ਟੋਰਾਂਟੋ ਕਨਵੈਂਸ਼ਨ ਸੈਂਟਰ ਵਿਚ ਕੁੱਲ ਚਾਰ ਉਮੀਦਵਾਰਾਂ ਦੇ ਮੁਕਾਬਲੇ ’ਚ ਬੈਂਸ ਦੀ ਚੋਣ ਦਾ ਐਲਾਨ ਹੋਣ ਤੋਂ ਤੁਰੰਤ ਬਾਅਦ ਸੂਬੇ ਭਰ ਵਿਚ ਲਿਬਰਲ ਪਾਰਟੀ ਦੇ ਕਾਰਕੁਨਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਸਿੱਖ ਭਾਈਚਾਰੇ ਵਿਚ ਵੀ ਖੁਸ਼ੀ ਦੀ ਲਹਿਰ ਦੌੜ ਗਈ।
ਰੈਂਕਿੰਗ ਬੈਲਟ ਸਿਸਟਮ ਵਿਚ ਲਿਬਰਲ ਪਾਰਟੀ ਦੇ ਲਗਭਗ 55,000 ਯੋਗ ਮੈਂਬਰਾਂ ਵਿਚੋਂ 20,510 ਮੈਂਬਰਾਂ ਨੇ ਵੋਟਾਂ ਪਾਈਆਂ। ਜਿਸ ਵਿਚ ਆਪਣੀ ਨਿਕਟ ਵਿਰੋਧੀ ਉਮੀਦਵਾਰ ਤੇ ਟੋਰਾਂਟੋ ਤੋਂ ਪਾਰਟੀ ਦੀ ਵਿਧਾਇਕਾ ਲੀ ਫੇਅਰਕਲੱਫ ਨਾਲ ਫਸਵੇਂ ਮੁਕਾਬਲੇ ਵਿਚ ਬੈਂਸ ਨੇ ਅੱਧਾ ਕੁ ਫ਼ੀਸਦ ਵੱਧ ਵੋਟਾਂ (ਨੰਬਰ) ਪ੍ਰਾਪਤ ਕਰਕੇ ਜਿੱਤ ਦਰਜ ਕਰਾਈ। ਉਹ ਕੈਨੇਡਾ ਵਿਚ ਟਰੂਡੋ ਸਰਕਾਰ ’ਚ (ਨਵੰਬਰ 2015 ਤੋਂ ਜਨਵਰੀ 2021 ਤੱਕ) ਕੈਬਨਿਟ ਮੰਤਰੀ ਰਹੇ ਹਨ ਤੇ ਕੈਨੇਡਾ ਦੀ ਕੇਂਦਰ ਸਰਕਾਰ ਵਿਚ ਆਪਣੇ ਸਮੇਂ ਦੌਰਾਨ ਪਾਰਟੀ ਅੰਦਰ ਉਨ੍ਹਾਂ ਦਾ ਤਕੜਾ ਪ੍ਰਭਾਵ ਰਿਹਾ।
ਸਾਬਕਾ ਪ੍ਰਧਾਨ ਮੰਤਰੀ ਪਾਲ ਮਾਰਿਟਨ ਦੇ ਸਮੇਂ ਤੋਂ (2004 ’ਚ ਆਪਣੀ 26 ਸਾਲਾਂ ਦੀ ਉਮਰ ਤੋਂ) ਉਹ ਲਗਾਤਾਰ 4 ਵਾਰ ਕੈਨੇਡਾ ਦੀ ਸੰਸਦ ਦੇ ਮੈਂਬਰ ਚੁਣੇ ਗਏ ਸਨ। ਇਸ ਸਮੇਂ ਉਂਟਾਰੀਓ ਵਿਚ ਲਿਬਰਲ ਪਾਰਟੀ ਨੂੰ ਵਿਧਾਨ ਸਭਾ ਵਿਚ ਅਗਵਾਈ ਦੇਣ ਲਈ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿਚ ਕੋਈ ਸੰਭਾਵੀ ਜਿਮਨੀ ਚੋਣ ਜਿੱਤ ਕੇ ਵਿਧਾਇਕ ਬਣਨਾ ਪਵੇਗਾ।
ਆਪਣੀ ਜਿੱਤ ਤੋਂ ਬਾਅਦ ਬੈਂਸ ਨੇ ਕਿਹਾ ਕਿ ਇਸ ਸਮੇਂ ਆਪਣੀ ਪਾਰਟੀ ਨੂੰ ਇਕਜੁਟ ਕਰਕੇ ਆਪਣੇ ਚੋਣ ਮੈਨੀਫ਼ੈਸਟੋ ਨੂੰ ਆਖਰੀ ਰੂਪ ਦੇਣਾ ਉਨ੍ਹਾਂ ਦੀ ਪਹਿਲ ਹੈ। ਇਹ ਵੀ ਕਿ ਉਹ ਉਂਟਾਰੀਓ ਭਰ ਵਿਚ ਵਿਚਰ ਕੇ ਨੌਜਵਾਨ ਪੀੜ੍ਹੀ ਨੂੰ ਆਪਣੀ ਪਾਰਟੀ ਨਾਲ ਜੁੜਨ ਲਈ ਪ੍ਰੇਰਿਤ ਕਰਨਗੇ।