27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਡੀ.ਸੀ. ਦਫ਼ਤਰ ਨਵਾਂਸ਼ਹਿਰ ਦੇ ਬਾਹਰ ਦੁੱਧ ਡੋਲ੍ਹ ਕੇ ਪਸ਼ੂ ਪਾਲਕਾਂ ਨੇ ਕੀਤਾ ਜ਼ੋਰਦਾਰ ਰੋਸ ਪ੍ਰਦਰਸ਼ਨ

ਨਵਾਂਸ਼ਹਿਰ, 27 ਨਵੰਬਰ (ਜਸਬੀਰ ਸਿੰਘ ਨੂਰਪੁਰ)- ਪੰਜਾਬ ਦੇ ਪਸ਼ੂ ਪਾਲਕਾਂ ਦਾ ਗੁੱਸਾ ਹੁਣ ਸੜਕਾਂ ’ਤੇ ਆ ਗਿਆ ...

Ad Position 21
No active advertisement
ਅਜੀਤ ਡੈਸਕ 27-11-2026

ਨਵਾਂਸ਼ਹਿਰ, 27 ਨਵੰਬਰ (ਜਸਬੀਰ ਸਿੰਘ ਨੂਰਪੁਰ)- ਪੰਜਾਬ ਦੇ ਪਸ਼ੂ ਪਾਲਕਾਂ ਦਾ ਗੁੱਸਾ ਹੁਣ ਸੜਕਾਂ ’ਤੇ ਆ ਗਿਆ ਹੈ। ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀਡੀਐਫਏ) ਪੰਜਾਬ ਦੇ ਸੱਦੇ ’ਤੇ ਪਸ਼ੂ ਪਾਲਕਾਂ ਨੇ ਅੱਜ ਡੀ.ਸੀ. ਦਫ਼ਤਰ ਨਵਾਂਸ਼ਹਿਰ ਦੇ ਬਾਹਰ ਦੁੱਧ ਡੋਹਲ ਕੇ ਆਪਣੇ ਰੋਸ ਦਾ ਜ਼ੋਰਦਾਰ ਪ੍ਰਗਟਾਵਾ ਕੀਤਾ। ਪਸ਼ੂ ਪਾਲਕਾਂ ਦਾ ਕਹਿਣਾ ਹੈ ਕਿ ਲਗਾਤਾਰ ਵਧ ਰਹੀ ਮਹਿੰਗਾਈ, ਪਸ਼ੂਆਂ ਦੀ ਖੁਰਾਕ, ਚਾਰਾਂ, ਦਵਾਈਆਂ ਅਤੇ ਹੋਰ ਖਰਚਿਆਂ ਨੇ ਉਨ੍ਹਾਂ ਦੀ ਕਮਰ ਤੋੜ ਦਿੱਤੀ ਹੈ, ਪਰ ਦੁੱਧ ਦਾ ਰੇਟ ਅਜੇ ਵੀ ਉਹੀ ਪੁਰਾਣਾ ਹੈ। ਇਸੇ ਕਰਕੇ ਉਹ ਹੁਣ ਮਜ਼ਬੂਰ ਹੋ ਕੇ ਸੜਕਾਂ ’ਤੇ ਉਤਰੇ ਹਨ।

ਇਸ ਮੌਕੇ ਪਸ਼ੂ ਪਾਲਕਾਂ ਨੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੇ ਨਾਂ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਕਿ ਦੁੱਧ ਦਾ ਰੇਟ ਇੱਕਦਮ 14 ਰੁਪਏ ਪ੍ਰਤੀ ਲੀਟਰ ਵਧਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਪਸ਼ੂ ਪਾਲਕਾਂ ਨੂੰ ਬਚਾਉਣਾ ਚਾਹੁੰਦੀ ਹੈ ਤਾਂ ਦੁੱਧ ਦਾ ਵਾਜਿਬ ਰੇਟ ਦੇਣਾ ਹੀ ਪਵੇਗਾ, ਨਹੀਂ ਤਾਂ ਪੰਜਾਬ ਵਿਚ ਡੇਅਰੀ ਫਾਰਮਿੰਗ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ। ਪਸ਼ੂ ਪਾਲਕਾਂ ਨੇ ਇਹ ਵੀ ਮੰਗ ਕੀਤੀ ਕਿ ਪੰਜਾਬ ਦੀ ਸ਼ੂਟਿੰਗ ਪਾਲਿਸੀ ਨੂੰ ਬੰਦ ਕੀਤਾ ਜਾਵੇ, ਕਿਉਂਕਿ ਇਸ ਨਾਲ ਪਸ਼ੂ ਪਾਲਕਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਡੀਐਫਏ ਪੰਜਾਬ ਦੇ ਕਾਰਜਕਾਰਨੀ ਕਮੇਟੀ ਮੈਂਬਰ ਰਾਮਪਾਲ ਸਰਪੰਚ ਹਸਨਪੁਰ ਕਲਾਂ ਨੇ ਦੱਸਿਆ ਕਿ ਪੰਜਾਬ ਵਿਚ ਦੁੱਧ ਉਤਪਾਦਨ ਅਤੇ ਡੇਅਰੀ ਦਾ ਕੰਮ ਕਰਨ ਵਾਲੇ ਕਿਸਾਨ ਜਾਂ ਪਸ਼ੂ ਪਾਲਕ ਲਗਾਤਾਰ ਘਾਟੇ ਵਿੱਚ ਚੱਲ ਰਹੇ ਹਨ।

ਕਈ ਪਸ਼ੂ ਪਾਲਕ ਕਰਜ਼ੇ ਹੇਠ ਦੱਬੇ ਹੋਏ ਹਨ ਅਤੇ ਆਪਣੇ ਫਾਰਮ ਬੰਦ ਕਰਨ ਲਈ ਮਜ਼ਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਅਤੇ ਮਿਲਕਫੈੱਡ ਵਲੋਂ ਦੁੱਧ ਦੇ ਰੇਟ ਵਿਚ ਸਿਰਫ਼ 4 ਤੋਂ 6 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ, ਜੋ ਕਿ ਊਠ ਦੇ ਮੂੰਹ ਵਿਚ ਜੀਰੇ ਵਾਲੀ ਗੱਲ ਹੈ। ਇਸ ਨਾਲ ਪਸ਼ੂ ਪਾਲਕਾਂ ਨੂੰ ਕੋਈ ਰਾਹਤ ਨਹੀਂ ਮਿਲੀ। ਸਾਡੀ ਮੰਗ ਹੈ ਕਿ ਦੁੱਧ ਦੇ ਰੇਟ ਵਿਚ ਜੋ ਵੀ ਵਾਧਾ ਕੀਤਾ ਜਾਵੇ, ਉਸ ਦਾ ਸਿੱਧਾ ਅਤੇ ਪੂਰਾ ਲਾਭ ਪਸ਼ੂ ਪਾਲਕਾਂ ਨੂੰ ਮਿਲਣਾ ਚਾਹੀਦਾ ਹੈ, ਵਿਚੋਲਿਆਂ ਨੂੰ ਨਹੀਂ। ਰਾਮਪਾਲ ਸਰਪੰਚ ਹਸਨਪੁਰ ਕਲਾਂ ਨੇ ਸਾਫ਼ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ 5 ਦਸੰਬਰ 2026 ਤੱਕ ਨਾ ਮੰਨੀਆਂ ਤਾਂ ਉਹ 5 ਦਸੰਬਰ ਤੋਂ ਬਾਅਦ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ।

ਉਨ੍ਹਾਂ ਕਿਹਾ ਕਿ ਪਸ਼ੂ ਪਾਲਕ ਹੁਣ ਪਿੱਛੇ ਨਹੀਂ ਹਟਣਗੇ ਅਤੇ ਆਪਣੇ ਹੱਕਾਂ ਲਈ ਆਖਰੀ ਦਮ ਤੱਕ ਲੜਨਗੇ। ਰੋਸ ਪ੍ਰਦਰਸ਼ਨ ਦੌਰਾਨ ਪਸ਼ੂ ਪਾਲਕਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਅਤੇ ਸਰਕਾਰ ਤੋਂ ਤੁਰੰਤ ਫੈਸਲਾ ਲੈਣ ਦੀ ਮੰਗ ਕੀਤੀ। ਇਸ ਮੌਕੇ ਪੀਡੀਐਫਏ ਜ਼ਿਲ੍ਹਾ ਪ੍ਰਧਾਨ ਨਵਾਂਸ਼ਹਿਰ ਜਸਵਿੰਦਰ ਸਿੰਘ, ਮੀਤ ਪ੍ਰਧਾਨ ਮਨਪ੍ਰੀਤ ਸਿੰਘ, ਬਲਾਕ ਬਲਾਚੌਰ ਪ੍ਰਧਾਨ ਜਗਤਾਰ ਸਿੰਘ, ਬਲਾਕ ਸੜੋਆ ਪ੍ਰਧਾਨ ਪ੍ਰੀਤ ਸਿੰਘ, ਬਲਾਕ ਬੰਗਾ ਪ੍ਰਧਾਨ ਜਸਕਰਨ ਸਿੰਘ ਅਤੇ ਸਮੂਹ ਡੇਅਰੀ ਫਾਰਮਰ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਰੂਸ ਤੋਂ ਬਚਿਆ, Ukraine 'ਚ ਫਸਿਆ ਪੰਜਾਬੀ ਨੌਜਵਾਨ ਅਗਲੀ ਖ਼ਬਰ ਸ਼੍ਰੀ ਗੰਗਾਨਗਰ ਰੇਲਵੇ ਟਰੈਕ ਬਲਾਸਟ ਮਾਮਲੇ ਵਿਚ ਹਿਰਾਸਤ ਵਿਚ ਲਿਆ ਗਿਆ ਚੌਥਾ ਨੌਜਵਾਨ ਨਿਕਲਿਆ ਬੇਕਸੂਰ
Ad Position 24