ਲੰਡਨ, 28 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਵੈਸਟ ਮਿਡਲੈਂਡਜ਼ ਦੇ ਵਿਲਨਹਾਲ ਸ਼ਹਿਰ ਦੀ ਰਹਿਣ ਵਾਲੀ 52 ਸਾਲਾ ਰੁਪਿੰਦਰ ਸੰਧੂ ਨੂੰ ਉਸ ਦੀਆਂ ਸ਼ਾਨਦਾਰ ਸਮਾਜ ਸੇਵਾਵਾਂ ਬਦਲੇ ਕੌਮੀ ਪੁਰਸਕਾਰ ਲਈ ਅੰਤਿਮ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ। ਮਲਟੀਪਲ ਸਕਲੇਰੋਸਿਸ (ਐੱਮ.ਐੱਸ.) ਵਰਗੀ ਬਿਮਾਰੀ ਨਾਲ ਜੂਝਣ ਦੇ ਬਾਵਜੂਦ ਰੁਪਿੰਦਰ ਸੰਧੂ ਆਪਣੇ ਅੰਦਾਜ਼ੇ ਮੁਤਾਬਕ ਹੁਣ ਤੱਕ 25 ਹਜ਼ਾਰ ਤੋਂ ਵੱਧ ਲੋਕਾਂ ਦੀ ਮਦਦ ਕਰ ਚੁੱਕੀ ਹੈ। ਉਸ ਨੂੰ ‘ਮਲਟੀਕਲਚਰਲ ਬਿਜ਼ਨਸ ਐਂਡ ਕਮਿਊਨਿਟੀ ਐਵਾਰਡਜ਼’ ਤਹਿਤ ਨਿਸ਼ਕਾਮ ਭਾਈਚਾਰਕ ਸੇਵਾ ਲਈ ਦਿੱਤੇ ਜਾਣ ਵਾਲੇ ‘ਅਨਸੰਗ ਕਮਿਊਨਿਟੀ ਹੀਰੋ ਆਫ਼ ਦਿ ਈਅਰ’ ਪੁਰਸਕਾਰ ਲਈ ਚੁਣਿਆ ਗਿਆ ਹੈ। ਰੁਪਿੰਦਰ ਸੰਧੂ ਨੂੰ 46 ਸਾਲ ਦੀ ਉਮਰ ਵਿਚ ਮਲਟੀਪਲ ਸਕਲੇਰੋਸਿਸ ਹੋਣ ਦਾ ਪਤਾ ਲੱਗਿਆ ਸੀ।
ਇਸ ਦੇ ਬਾਵਜੂਦ ਉਸ ਨੇ ਮਨੁੱਖਤਾ ਦੀ ਸੇਵਾ ਕਰਨ ਦਾ ਸਿਲਸਿਲਾ ਜਾਰੀ ਰੱਖਿਆ। ਸਿੱਖ ਧਰਮ ਦੇ ਨਿਸ਼ਕਾਮ ਸੇਵਾ ਦੇ ਸਿਧਾਂਤ ਤੋਂ ਪ੍ਰੇਰਿਤ ਰੁਪਿੰਦਰ ਨੇ ਸਾਲ 2014 ਵਿਚ ਥਾਈਲੈਂਡ ਜਾ ਕੇ ਸੁਨਾਮੀ ਕਾਰਨ ਆਪਣੇ ਪਰਿਵਾਰ ਗੁਆ ਚੁੱਕੇ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾਈ। ਕੋਰੋਨਾ ਮਹਾਂਮਾਰੀ ਦੌਰਾਨ ਉਸ ਨੇ ‘ਗੁਪਤ ਸੇਵਾ’ ਮੁਹਿੰਮ ਸ਼ੁਰੂ ਕਰਕੇ ਲੋੜਵੰਦਾਂ ਨੂੰ ਭੋਜਨ ਤੇ ਜ਼ਰੂਰੀ ਵਸਤਾਂ ਮੁਹੱਈਆ ਕਰਵਾਈਆਂ। ਇਸ ਤੋਂ ਇਲਾਵਾ ਉਸ ਨੇ ਬੇਘਰੇ ਲੋਕਾਂ, ਬਜ਼ੁਰਗਾਂ ਅਤੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੀ ਮਦਦ ਕਰਨ ਦੇ ਨਾਲ-ਨਾਲ ਪੰਜਾਬ ਵਿਚ ਸਿਹਤ ਜਾਂਚ ਕੈਂਪ ਵੀ ਲਗਵਾਏ।
ਜ਼ਿਕਰਯੋਗ ਹੈ ਕਿ ਰੁਪਿੰਦਰ ਸੰਧੂ ਨੇ ਇਹ ਸਮਾਜ ਸੇਵੀ ਕਾਰਜ ਕਿਸੇ ਬਾਹਰੀ ਵਿੱਤੀ ਸਹਾਇਤਾ ਤੋਂ ਬਿਨਾਂ ਆਪਣੀ ਨਿੱਜੀ ਬੱਚਤ ਵਿਚੋਂ ਕੀਤੇ ਹਨ। ਉਹ ਵਿੱਤੀ ਖੇਤਰ ਵਿਚ ਪੂਰਾ ਸਮਾਂ ਨੌਕਰੀ ਕਰਨ ਦੇ ਨਾਲ ਸਮਾਜ ਸੇਵਾ ਵੀ ਕਰ ਰਹੀ ਹੈ। ਹੁਣ ਉਹ ‘ਰੂਪਸ ਕਨੈਕਟ’ ਨਾਮ ਦੀ ਨਵੀਂ ਪਹਿਲਕਦਮੀ ਰਾਹੀਂ ਲੰਮੇ ਸਮੇਂ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਜਾਣਕਾਰੀ, ਮਾਰਗਦਰਸ਼ਨ ਤੇ ਸਹਿਯੋਗ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ।