25ਵਾਂ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਸੰਮੇਲਨ ਐਤਵਾਰ ਰਾਤ ਨੂੰ ਇੱਥੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੁਆਰਾ ਆਯੋਜਿਤ ਇਕ ਵਿਸ਼ਾਲ ਦਾਅਵਤ ਨਾਲ ਰਸਮੀ ਤੌਰ 'ਤੇ ਸ਼ੁਰੂ ਹੋਇਆ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀ ਸ਼ਿਰਕਤ ਕੀਤੀ | ਸ਼ੀ ਨੇ ਆਪਣੀ ਪਤਨੀ ਪੇਂਗ ਲਿਯੂਆਨ ਨਾਲ ਅੰਤਰਰਾਸ਼ਟਰੀ ਮਹਿਮਾਨਾਂ ਦਾ ਸਵਾਗਤ ਕਰਨ ਲਈ ਚੀਨ ਦੇ ਬੰਦਰਗਾਹ ਸ਼ਹਿਰ ਤਿਆਨਜਿਨ 'ਚ ਦਾਅਵਤ ਦੀ ਮੇਜ਼ਬਾਨੀ ਕੀਤੀ | ਇਸ ਸਾਲ ਦੇ ਸੰਮੇਲਨ ਨੂੰ ਸਭ ਤੋਂ ਵੱਡਾ 10-ਮੈਂਬਰੀ ਐਸ.ਸੀ.ਓ. ਸਮੂਹ ਦੱਸਿਆ ਗਿਆ ਹੈ ਕਿਉਂਕਿ ਚੀਨ, ਜੋ ਇਸ ਸਾਲ ਸੰਗਠਨ ਦੀ ਪ੍ਰਧਾਨਗੀ ਸੰਭਾਲ ਰਿਹਾ ਹੈ, ਨੇ 20 ਵਿਦੇਸ਼ੀ ਨੇਤਾਵਾਂ ਤੇ 10 ਅੰਤਰਰਾਸ਼ਟਰੀ ਸੰਗਠਨਾਂ ਦੇ ਮੁਖੀਆਂ ਨੂੰ ਸੱਦਾ ਦਿੱਤਾ ਹੈ, ਜਿਸ 'ਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਵੀ ਸ਼ਾਮਿਲ ਹਨ | ਸਿਖਰ ਸੰਮੇਲਨ ਸੋਮਵਾਰ ਨੂੰ ਇਕ ਵਿਸ਼ੇਸ਼ ਤੌਰ 'ਤੇ ਮਨੋਨੀਤ ਕਨਵੈਨਸ਼ਨ ਸੈਂਟਰ 'ਚ ਹੋਵੇਗਾ ਜਿੱਥੇ 10-ਮੈਂਬਰੀ ਸਮੂਹ ਦੇ ਨੇਤਾ, ਸੱਦੇ ਗਏ ਨੇਤਾਵਾਂ ਨਾਲ, ਭਾਸ਼ਣ ਦੇਣਗੇ |