ਨਵੀਂ ਦਿੱਲੀ, 31 ਅਗਸਤ (ਜਗਤਾਰ ਸਿੰਘ)-ਪੈਟਰੋਲ 'ਚ ਈਥਾਨੌਲ ਮਿਲਾਉਣ ਦਾ ਮੁੱਦਾ ਹੁਣ ਅਦਾਲਤ 'ਚ ਪਹੁੰਚ ਗਿਆ ਹੈ | ਸੁਪਰੀਮ ਕੋਰਟ ਸੋਮਵਾਰ ਨੂੰ ਦੇਸ਼ ਭਰ 'ਚ 20 ਪ੍ਰਤੀਸ਼ਤ ਈਥਾਨੌਲ ਮਿਸ਼ਰਤ ਪੈਟਰੋਲ ਲਾਗੂ ਕਰਨ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਕਰੇਗਾ | ਐਡਵੋਕੇਟ ਅਕਸ਼ੈ ਮਲਹੋਤਰਾ ਵਲੋਂ ਦਾਇਰ ਪਟੀਸ਼ਨ 'ਚ ਕਿਹਾ ਗਿਆ ਹੈ ਕਿ 20 ਫ਼ੀਸਦੀ ਈਥਾਨੌਲ ਮਿਸ਼ਰਤ ਪੈਟਰੋਲ ਸਾਰੇ ਵਾਹਨਾਂ ਲਈ ਢੁਕਵਾਂ ਨਹੀਂ ਹੈ | ਕਰੋੜਾਂ ਵਾਹਨ ਮਾਲਕਾਂ ਨੂੰ ਅਜਿਹਾ ਪੈਟਰੋਲ ਵਰਤਣ ਲਈ ਮਜਬੂਰ ਕੀਤਾ ਜਾਂਦਾ ਹੈ, ਜੋ ਉਨ੍ਹਾਂ ਦੇ ਵਾਹਨਾਂ ਦੇ ਇੰਜਣਾਂ ਲਈ ਢੁਕਵਾਂ ਨਹੀਂ ਹੈ | ਪਟੀਸ਼ਨ 'ਚ ਮੰਗ ਕੀਤੀ ਗਈ ਹੈ ਕਿ ਸਾਰੇ ਪੈਟਰੋਲ ਪੰਪਾਂ 'ਤੇ ਈਥਾਨੌਲ-ਮੁਕਤ ਪੈਟਰੋਲ ਵੀ ਉਪਲਬਧ ਕਰਵਾਇਆ ਜਾਵੇ ਤੇ ਹਰ ਪੰਪ 'ਤੇ ਇਹ ਸਪਸ਼ਟ ਤੌਰ 'ਤੇ ਲਿਖਿਆ ਜਾਵੇ ਕਿ ਇਸ 'ਚ ਕਿੰਨੀ ਮਾਤਰਾ ਵਿਚ ਈਥਾਨੌਲ ਮਿਲਾਇਆ ਜਾਂਦਾ ਹੈ |