ਨਵੀਂ ਦਿੱਲੀ, 21 ਸਤੰਬਰ (ਜਗਤਾਰ ਸਿੰਘ)-ਭਾਰਤੀ ਚੋਣ ਕਮਿਸ਼ਨ ਨੇ ਸੂਬਿਆਂ ਦੇ ਚੋਣ ਅਧਿਕਾਰੀਆਂ ਨੂੰ 30 ਸਤੰਬਰ ਤੱਕ ਵਿਸ਼ੇਸ਼ ਤੀਬਰ ਸੋਧ (ਐਸ.ਆਈ.ਆਰ.) ਦੀ ਤਿਆਰੀ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਹਨ | ਚੋਣ ਕਮਿਸ਼ਨ ਦੇ ਇਸ ਨਿਰਦੇਸ਼ ਤੋਂ ਸਾਫ਼ ਹੈ ਕਿ ਵੋਟਰ ਤਸਦੀਕ ਤੇ ਵੋਟਰ ਸੂਚੀ ਸੁਧਾਈ ਦੀ ਪ੍ਰਕਿਰਿਆ ਅਗਲੇ ਮਹੀਨੇ ਦੇਸ਼ ਭਰ 'ਚ ਸ਼ੁਰੂ ਹੋ ਸਕਦੀ ਹੈ | ਚੋਣ ਕਮਿਸ਼ਨ ਅਕਤੂਬਰ ਜਾਂ ਨਵੰਬਰ ਦੇ ਸ਼ੁਰੂ 'ਚ ਵੋਟਰ ਸੂਚੀ ਸੁਧਾਈ ਦਾ ਕੰਮ ਸ਼ੁਰੂ ਕਰ ਸਕਦਾ ਹੈ | ਚੋਣ ਕਮਿਸ਼ਨ ਮੁਤਾਬਿਕ ਐਸ.ਆਈ.ਆਰ. ਦਾ ਮੁੱਖ ਉਦੇਸ਼ ਵੋਟਰ ਸੂਚੀ 'ਚੋਂ ਅਜਿਹੇ ਨਾਵਾਂ ਨੂੰ ਹਟਾਉਣਾ ਹੈ, ਜੋ ਭਾਰਤ ਦੇ ਨਾਗਰਿਕ ਨਹੀਂ ਹਨ | ਚੋਣ ਕਮਿਸ਼ਨ ਨੇ ਸਾਰੇ ਸਿਆਸੀ ਦਲਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਪ੍ਰਕਿਰਿਆ 'ਚ ਸਹਿਯੋਗ ਕਰਨ | ਚੋਣ ਕਮਿਸ਼ਨ ਨੇ ਨਿਰਦੇਸ਼ ਦਿੱਤਾ ਹੈ ਕਿ ਸਾਰੇ ਰਾਜ ਪਿਛਲੀ ਐੱਸ. ਆਈ. ਆਰ. ਦੇ ਬਾਅਦ ਦੀ ਵੋਟਰ ਸੂਚੀਆਂ ਨੂੰ ਆਧਾਰ ਬਣਾ ਕੇ ਵਰਤਮਾਨ ਵੋਟਰ ਸੂਚੀ ਨਾਲ ਮਿਲਾਨ ਕਰਨ | ਇਸ ਪ੍ਰਕਿਰਿਆ 'ਚ ਪੁਰਾਣੀ ਸੂਚੀਆਂ ਦਾ ਡਿਜੀਟਲ ਰੂਪ 'ਚ ਵਿਸ਼ਲੇਸ਼ਣ ਤੇ ਤੁਲਨਾਤਮਿਕ ਅਧਿਐਨ ਕੀਤਾ ਜਾਵੇਗਾ | ਦੱਸਣਯੋਗ ਹੈ ਕਿ ਇਸ ਮਹੀਨੇ ਦੇ ਸ਼ੁਰੂ 'ਚ ਰਾਜ ਦੇ ਮੁੱਖ ਚੋਣ ਅਧਿਕਾਰੀਆਂ (ਸੀ.ਈ.ਓ.) ਦੀ ਇਕ ਕਾਨਫ਼ਰੰਸ 'ਚ ਭਾਰਤੀ ਚੋਣ ਕਮਿਸ਼ਨ ਦੇ ਉੱਚ ਅਧਿਕਾਰੀਆਂ ਨੇ, ਉਨ੍ਹਾਂ ਨੂੰ ਅਗਲੇ 10 ਤੋਂ 15 ਦਿਨਾਂ ਅੰਦਰ ਵਿਸ਼ੇਸ਼ ਤੀਬਰ ਸੋਧ (ਐਸ. ਆਈ. ਆਰ.) ਲਈ ਤਿਆਰ ਰਹਿਣ ਲਈ ਕਿਹਾ ਸੀ |