ਸੂਬਾ ਸਿੰਘ ਵਲੋਂ ਚੁੱਕ ਕੇ ਲਾਪਤਾ ਕੀਤੇ ਜਾਂ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਹੀਂ ਮਿਲੀਆਂ ਲਾਸ਼ਾਂ-ਮਾਲੂਵਾਲ
ਸੂਬਾ ਸਿੰਘ ਦੇ ਜੇਲ੍ਹ ਤੋਂ ਜ਼ਿੰਦਾ ਵਾਪਸ ਨਾ ਆਉਣ ਦੇ ਲਫ਼ਜ਼ ਸੱਚ ਸਾਬਤ ਹੋਏ-ਐਡ. ਸਰਬਜੀਤ ਸਿੰਘ ਵੇਰਕਾ
ਹਰਿੰਦਰ ਸਿੰਘ
ਤਰਨ ਤਾਰਨ, 21 ਸਤੰਬਰ-ਮਿਤੀ 10 ਸਤੰਬਰ, 2025 ਨੂੰ ਪਟਿਆਲਾ ਜੇਲ੍ਹ ਵਿਚ ਕੱਟੜ ਹਿੰਦੂ ਆਗੂ ਸੁਧੀਰ ਸੂਰੀ ਦੇ ਕਤਲ ਮਾਮਲੇ ਵਿਚ ਬੰਦ ਸੰਦੀਪ ਸਿੰਘ ਸੰਨੀ ਵਲੋਂ ਕੀਤੇ ਹਮਲੇ ਵਿਚ ਜ਼ਖ਼ਮੀ ਹੋਏ ਸਾਬਕਾ ਇੰਸਪੈਕਟਰ ਸੂਬਾ ਸਿੰਘ, ਜਿਸ ਦੀ ਬਾਅਦ ਵਿਚ ਰਜਿੰਦਰਾ ਹਸਪਤਾਲ ਵਿਚ 17 ਸਤੰਬਰ, 2025 ਨੂੰ ਮੌਤ ਹੋ ਗਈ ਸੀ, ਦਾ ਤਰਨ ਤਾਰਨ ਜ਼ਿਲ੍ਹੇ ਨਾਲ ਗੂੜ੍ਹਾ ਸੰਬੰਧ ਰਿਹਾ ਹੈ | ਸੂਬਾ ਸਿੰਘ ਨੇ ਆਪਣੀ ਨੌਕਰੀ ਦਾ ਬਹੁਤਾ ਸਮਾਂ ਪੁਲਿਸ ਜ਼ਿਲ੍ਹਾ ਤਰਨ ਤਾਰਨ ਵਿਚ ਗੁਜ਼ਾਰਿਆ | ਇਸ ਦੌਰਾਨ ਉਹ ਬਹੁਤ ਸਾਰੇ ਥਾਣਿਆਂ, ਜਿਨ੍ਹਾਂ ਵਿਚ ਸਰਹਾਲੀ, ਵੈਰੋਵਾਲ, ਵਲਟੋਹਾ, ਖੇਮਕਰਨ, ਖਾਲੜਾ, ਪੱਟੀ, ਭਿੱਖੀਵਿੰਡ ਤੇ ਸਿਟੀ ਤਰਨ ਤਾਰਨ ਪ੍ਰਮੁੱਖ ਹਨ, 'ਚ ਬਤੌਰ ਐੱਸ.ਐੱਚ.ਓ. ਲੱਗਾ ਰਿਹਾ ਤੇ ਉਸ ਸਮੇਂ ਦੇ ਚਰਚਿਤ ਐੱਸ.ਐੱਸ.ਪੀ. ਅਜੀਤ ਸਿੰਘ ਸੰਧੂ ਦੀ ਟੀਮ ਦਾ ਪ੍ਰਮੁੱਖ ਮੈਂਬਰ ਸੀ, ਜਿਸ ਉਪਰ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਚੁੱਕ ਕੇ, ਨਾਜਾਇਜ਼ ਹਿਰਾਸਤ ਦੌਰਾਨ ਤਸ਼ੱਦਦ ਕਰਕੇ ਜਾਂ ਤਾਂ ਲਾਪਤਾ ਕਰਨ ਜਾਂ ਝੂਠੇ ਮੁਕਾਬਲਿਆਂ ਵਿਚ ਮਾਰ ਕੇ ਉਨ੍ਹਾਂ ਦੀਆਂ ਲਾਸ਼ਾਂ ਦੇ ਅੰਤਿਮ ਸੰਸਕਾਰ ਅਣਪਛਾਤੇ ਤੇ ਲਾਵਾਰਿਸ ਦੱਸ ਕੇ ਕਰ ਦਿੱਤੇ ਜਾਣ ਦੇ ਦੋਸ਼ ਲੱਗੇ ਸਨ | ਇੰਸਪੈਕਟਰ ਸੂਬਾ ਸਿੰਘ ਆਪਣੇ-ਆਪ ਦੀ ਮੁਸਲਮਾਨ ਜ਼ਾਲਮ ਸੂਬਾ ਸਰਹਿੰਦ ਨਾਲ ਤੁਲਨਾ ਕਰਦਾ ਸੀ | ਇਕੱਲੇ ਸੂਬਾ ਸਿੰਘ ਵਲੋਂ ਹੀ ਵੱਡੀ ਗਿਣਤੀ ਵਿਚ ਨੌਜਵਾਨਾਂ ਦਾ ਪੁਲਿਸ ਮੁਕਾਬਲੇ ਵਿਚ ਮਾਰਨ ਵਾਲੇ ਵੱਖ-ਵੱਖ ਥਾਣਿਆਂ ਵਿਚ ਮੁਕੱਦਮੇ ਦਰਜ ਕੀਤੇ ਗਏ ਤੇ ਬਾਅਦ ਵਿਚ ਸੁਪਰੀਮ ਕੋਰਟ ਦੇ ਸਾਲ 1995 ਵਿਚ ਸੀ.ਬੀ.ਆਈ. ਜਾਂਚ ਦੇ ਹੁਕਮਾਂ ਤੋਂ ਬਾਅਦ ਸੂਬਾ ਸਿੰਘ ਸਮੇਤ ਹੋਰ ਪੁਲਿਸ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਵਿਚ ਵਾਧਾ ਹੋਇਆ, ਜਦੋਂ ਸੀ.ਬੀ.ਆਈ. ਅਦਾਲਤ ਨੇ ਇਨ੍ਹਾਂ ਮੁਕਾਬਲਿਆਂ ਨੂੰ ਝੂਠਾ ਦੱਸਦੇ ਹੋਏ ਦੋਸ਼ੀਆਂ ਵਿਰੁੱਧ ਚਾਰਜਸ਼ੀਟਾਂ ਦਾਖ਼ਲ ਕਰ ਦਿੱਤੀਆਂ, ਪਰ ਇਹ ਕੇਸ 2001 ਤੋਂ 2016 ਤੱਕ ਸਟੇਅ ਰਹੇ ਤੇ ਬਾਅਦ ਵਿਚ ਸੀ.ਬੀ.ਆਈ. ਅਦਾਲਤਾਂ ਨੇ ਇਨ੍ਹਾਂ ਕੇਸਾਂ ਵਿਚ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਸਜ਼ਾ ਸੁਣਾਈਆਂ | ਪੰਜਾਬ ਪੁਲਿਸ ਦੇ ਸੇਵਾ ਮੁਕਤ ਅਫ਼ਸਰਾਂ ਦੀ ਐਸੋਸੀਏਸ਼ਨ ਦੀ ਸੂਚਨਾ ਮੁਤਾਬਕ 129 ਪੁਲਿਸ ਮੁਲਾਜ਼ਮਾਂ ਨੂੰ ਇਨ੍ਹਾਂ ਕੇਸਾਂ ਵਿਚ ਸਜ਼ਾ ਹੋਈ | ਸੂਬਾ ਸਿੰਘ ਨੂੰ ਅਗਸਤ 1991 ਵਿਚ ਮਾਲੂਵਾਲ ਪਿੰਡ ਦੇ ਬਲਜੀਤ ਸਿੰਘ ਨੂੰ ਝਬਾਲ ਬੱਸ ਅੱਡੇ ਤੋਂ ਚੁੱਕ ਕੇ ਲਾਪਤਾ ਕਰਨ ਦੇ ਦੋਸ਼ ਵਿਚ ਮਾਰਚ 2023 ਵਿਚ ਸੀ.ਬੀ.ਆਈ. ਅਦਾਲਤ ਵਲੋਂ 6 ਸਾਲ ਸਜ਼ਾ ਸੁਣਾਈ ਗਈ ਸੀ | ਇਸੇ ਤਰ੍ਹਾਂ ਅੰਮਿ੍ਤਸਰ ਸੈਂਟਰਲ ਕੋਆਪ੍ਰ੍ਰੇਟਿਵ ਬੈਂਕ ਦੇ ਮੁਲਾਜ਼ਮ ਕੁਲਦੀਪ ਸਿੰਘ ਵਾਸੀ ਕੋਟਲੀ ਸਰੂ ਖਾਂ ਨੂੰ ਚੁੱਕਣ ਤੋਂ ਬਾਅਦ ਇਕ ਅਣਪਛਾਤੀ ਲਾਸ਼ ਨੂੰ ਝੂਠੇ ਹੀ ਕੁਲਦੀਪ ਸਿੰਘ ਦੀ ਪਛਾਣ ਦੇਣ ਦੇ ਮਾਮਲੇ ਵਿਚ ਪੰਜ ਸਾਲ ਕੈਦ ਮਾਰਚ 2023 ਵਿਚ ਹੀ ਸੁਣਾਈ ਗਈ ਸੀ | ਸਾਲ 1992-93 ਵਿਚ ਕਾਰ ਸੇਵਾ ਵਾਲੇ ਬਾਬਾ ਚਰਨ ਸਿੰਘ ਤੇ ਉਸ ਦੇ ਤਿੰਨ ਭਰਾਵਾਂ, ਸਾਲਾ ਤੇ ਉਸ ਦੇ ਬੇਟੇ ਨੂੰ ਚੁੱਕ ਕੇ ਲਾਪਤਾ ਕਰਨ ਦੇ ਕੇਸ ਵਿਚ ਵੀ ਸੀ. ਬੀ. ਆਈ. ਅਦਾਲਤ ਵਲੋਂ ਜਨਵਰੀ 2020 ਨੂੰ ਸੂਬਾ ਸਿੰਘ ਨੂੰ 10-10 ਸਾਲ ਸਜ਼ਾ ਸੁਣਾਈ ਗਈ ਸੀ | ਜੂਨ 1993 ਵਿਚ ਸਰਹਾਲੀ ਪੁਲਿਸ ਵਲੋਂ ਰਾਣੀਵਲਾਹ ਪਿੰਡ ਦੇ ਠੇਕੇਦਾਰ ਜੋਗਿੰਦਰ ਸਿੰਘ ਦੇ 4 ਗੰਨਮੈਨਾਂ, ਜੋ ਉਸੇ ਪਿੰਡ ਦੇ ਰਹਿਣ ਵਾਲੇ ਸਨ, ਨੂੰ ਚੁੱਕ ਲਿਆ ਤੇ ਤਿੰਨ ਹੋਰ ਨੌਜਵਾਨਾਂ ਨੂੰ ਵੱਖ-ਵੱਖ ਇਲਾਕਿਆਂ ਵਿਚ ਚੁੱਕਿਆ ਤੇ ਚਾਰ ਨੌਜਵਾਨਾਂ ਦਾ ਥਾਣਾ ਸਰਹਾਲੀ ਵਲੋਂ ਮਿਤੀ 12 ਜੁਲਾਈ, 1993 ਨੂੰ ਮੁਕਾਬਲਾ ਬਣਾ ਕੇ ਮਾਰ ਦਿੱਤਾ, ਜਦੋਂਕਿ ਤਿੰਨ ਨੌਜਵਾਨਾਂ ਨੂੰ ਉਸ ਸਮੇਂ ਥਾਣਾ ਵੈਰੋਵਾਲ ਦੇ ਐੱਸ.ਐੱਚ.ਓ. ਸੂਬਾ ਸਿੰਘ ਦੀ ਪੁਲਿਸ ਪਾਰਟੀ ਨੇ ਡੀ.ਐੱਸ.ਪੀ. ਗੋਇੰਦਵਾਲ ਸਾਹਿਬ ਦੀ ਅਗਵਾਈ ਹੇਠ ਝੂਠੇ ਮੁਕਾਬਲੇ ਵਿਚ ਮਾਰ ਦਿੱਤਾ | ਇਸ ਕੇਸ ਵਿਚ ਸੀ.ਬੀ.ਆਈ. ਅਦਾਲਤ ਵਲੋਂ ਸੂਬਾ ਸਿੰਘ, ਭੁਪਿੰਦਰਜੀਤ ਸਿੰਘ, ਦਵਿੰਦਰ ਸਿੰਘ, ਗੁਰਭਾਗ ਸਿੰਘ ਅਤੇ ਰਘੁਬੀਰ ਸਿੰਘ ਨੂੰ ਅਗਸਤ 2025 ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ | ਇਸ ਤੋਂ ਇਲਾਵਾ ਸੂਬਾ ਸਿੰਘ ਤੇ ਹੋਰਨਾਂ ਖ਼ਿਲਾਫ਼ ਸ਼ੱਕਰੀ ਟਰਾਂਸਪੋਰਟ ਦੇ ਅਮਰੀਕ ਸਿੰਘ ਨੂੰ ਲੁਧਿਆਣਾ ਵਿਆਹ ਸਮਾਗਮ ਤੋਂ ਨਵੰਬਰ 1992 ਵਿਚ ਚੁੱਕ ਕੇ ਲਾਪਤਾ ਕਰਨ ਦਾ ਕੇਸ ਸੀ.ਬੀ.ਆਈ. ਦੀ ਅਦਾਲਤ ਵਿਚ ਚੱਲ ਰਿਹਾ ਹੈ, ਪਰ ਸੂਬਾ ਸਿੰਘ ਫ਼ੈਸਲੇ ਤੋਂ ਪਹਿਲਾਂ ਹੀ ਚੱਲ ਵਸਿਆ | ਪਿੰਡ ਮਾਲੂਵਾਲ ਦੇ ਲਾਪਤਾ ਕੀਤੇ ਬਲਜੀਤ ਸਿੰਘ ਦੇ ਭਰਾ ਪਰਮਜੀਤ ਸਿੰਘ ਮਾਲੂਵਾਲ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਇਸ ਨੇ ਲੋਕਾਂ ਨੂੰ ਦਿੱਤਾ, ਉਹੋ ਇਸ ਨੂੰ ਪ੍ਰਾਪਤ ਹੋਇਆ | ਉਨ੍ਹਾਂ ਦੇ ਪਿਤਾ ਤੇ ਭਰਾ ਫ਼ੌਜ ਵਿਚ ਦੇਸ਼ ਦੀ ਸੇਵਾ ਕਰ ਚੁੱਕੇ ਹਨ ਤੇ ਬਲਜੀਤ ਸਿੰਘ ਦੀ ਭਾਲ ਲਈ ਫ਼ੌਜ ਨੇ ਵੀ ਪੂਰੇ ਯਤਨ ਕੀਤੇ, ਪਰ ਉਨ੍ਹਾਂ ਨੂੰ ਬਲਜੀਤ ਸਿੰਘ ਜ਼ਿੰਦਾ ਜਾਂ ਮੁਰਦਾ ਦੇਖਣਾ ਮੁਨਾਸਿਬ ਨਹੀਂ ਹੋਇਆ | ਸੀ.ਬੀ.ਆਈ. ਵਲੋਂ ਦਰਜ ਕੀਤੇ ਗਏ ਕੇਸ ਤੋਂ ਬਾਅਦ ਉਨ੍ਹਾਂ ਨੂੰ ਮੋਟੀਆਂ ਰਕਮਾਂ ਦੇ ਲਾਲਚ ਦੇ ਕੇ ਕੇਸ ਵਾਪਸ ਲੈਣ ਦੇ ਵੀ ਲਾਲਚ ਦਿੱਤੇ ਗਏ, ਪਰ ਉਹ ਬਲਜੀਤ ਸਿੰਘ ਦੇ ਇਨਸਾਫ਼ ਲਈ ਲੜਦੇ ਰਹੇ ਤੇ ਉਨ੍ਹਾਂ ਦੀ ਇਸ ਲੜਾਈ ਵਿਚ ਖਾਲੜਾ ਮਿਸ਼ਨ ਤੋਂ ਇਲਾਵਾ ਜਸਟਿਸ ਅਜੀਤ ਸਿੰਘ ਬੈਂਸ, ਆਰ.ਐੱਸ. ਬੈਂਸ, ਐਡਵੋਕੇਟ ਸਰਬਜੀਤ ਸਿੰਘ ਵੇਰਕਾ ਤੇ ਹੋਰਨਾਂ ਨੇ ਬਿਨਾਂ ਪੈਸੇ ਉਨ੍ਹਾਂ ਦੀ ਅਦਾਲਤ ਵਿਚ ਲੜਾਈ ਲੜੀ | ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਗੁੰਮ ਹੋਏ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਸੂਬਾ ਸਿੰਘ ਦੇ ਥਾਣੇ ਦੇ ਬਾਹਰ ਹਰ ਰੋਜ਼ ਆਪਣੇ ਬੱਚਿਆਂ ਦੀ ਉਡੀਕ ਕਰਦੇ ਰਹੇ, ਉਸੇ ਤਰ੍ਹਾਂ ਹੀ ਸੂਬਾ ਸਿੰਘ ਦੇ ਜੇਲ੍ਹ ਵਿਚ ਜ਼ਖ਼ਮੀ ਹੋਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਇਲਾਜ ਲਈ ਮਨਾਂ ਕਰ ਦਿੱਤਾ | ਐਡਵੋਕੇਟ ਸਰਬਜੀਤ ਸਿੰਘ ਵੇਰਕਾ ਨੇ ਦੱਸਿਆ ਕਿ 31 ਜੁਲਾਈ, 2025 ਨੂੰ ਸੀ.ਬੀ.ਆਈ. ਅਦਾਲਤ ਦੇ ਫ਼ੈਸਲੇ ਤੋਂ ਇਕ ਦਿਨ ਪਹਿਲਾਂ ਹੀ ਸੂਬਾ ਸਿੰਘ ਨੇ ਉਸ ਨਾਲ ਸੰਪਰਕ ਕਰਕੇ ਕਿਹਾ ਸੀ ਕਿ ਉਸ ਨੂੰ ਅਹਿਸਾਸ ਹੈ ਕਿ ਉਹ ਜੇਲ੍ਹ ਤੋਂ ਜ਼ਿੰਦਾ ਵਾਪਸ ਨਹੀਂ ਆਵੇਗਾ, ਪਰ ਜਿਨ੍ਹਾਂ ਪੁਲਿਸ ਅਫ਼ਸਰਾਂ ਨੇ ਉਨ੍ਹਾਂ ਕੋਲੋਂ ਇਹ ਕੁਝ ਕਰਵਾਇਆ, ਉਹ ਵੀ ਬਚਣੇ ਨਹੀਂ ਚਾਹੀਦੇ | ਸੂਬਾ ਸਿੰਘ ਦੀ ਜੇਲ੍ਹ ਵਿਚ ਲੜਾਈ ਦੌਰਾਨ ਹੋਈ ਮੌਤ ਨੇ ਸੂਬਾ ਸਿੰਘ ਦੇ ਅਖੀਰਲੇ ਲਫ਼ਜ਼ ਵੀ ਸੱਚ ਸਾਬਤ ਕਰ ਦਿੱਤੇ | ਸਾਬਕਾ ਐੱਸ.ਐੱਸ.ਪੀ. ਅਜੀਤ ਸਿੰਘ ਸੰਧੂ ਦੀ ਟੀਮ ਦੇ ਜ਼ਿਆਦਾਤਰ ਅਫ਼ਸਰ, ਜਿਨ੍ਹਾਂ 'ਤੇ ਖਾੜਕੂਵਾਦ ਸਮੇਂ ਦੌਰਾਨ ਬੇਕਸੂਰਾਂ 'ਤੇ ਤਸ਼ੱਦਦ, ਜ਼ਿਆਦਤੀਆਂ, ਮਾਰ-ਮੁਕਾਉਣ, ਲਾਪਤਾ ਕਰਨ ਦੇ ਦੋਸ਼ ਹਨ, ਉਹ ਜੇਲ੍ਹਾਂ ਵਿਚ ਸੜ ਰਹੇ ਹਨ, ਪਰ ਵੱਖ-ਵੱਖ ਸਰਕਾਰਾਂ ਵਲੋਂ ਇਨ੍ਹਾਂ ਅਰੋਪੀ ਅਤੇ ਦੋਸ਼ੀ ਪੁਲਿਸ ਅਫ਼ਸਰਾਂ ਨੂੰ ਤਰੱਕੀਆਂ ਤੇ ਸਹੂਲਤਾਂ ਦਿੱਤੀਆਂ ਤੇ ਬਾਇੱਜ਼ਤ ਸੇਵਾ ਮੁਕਤੀਆਂ ਕਰਕੇ ਫੰਡ ਦਿੱਤੇ | ਹੋਰ ਤਾਂ ਹੋਰ ਝੂਠੇ ਮੁਕਾਬਲਿਆਂ, ਲਾਪਤਾ ਕਰਨ ਦੇ ਕੇਸਾਂ ਦਾ ਸਾਰਾ ਖ਼ਰਚਾ ਵੀ ਸਰਕਾਰ ਵਲੋਂ ਕੀਤਾ ਗਿਆ, ਜਦੋਂਕਿ ਪੀੜਤ ਪਰਿਵਾਰ ਦਰ-ਦਰ ਦੀਆਂ ਠੋਕਰਾਂ ਖਾਂਦੇ ਰਹੇ | ਉੱਚ ਅਦਾਲਤਾਂ ਦੇ ਫ਼ੈਸਲਿਆਂ ਕਰਕੇ ਇਨਸਾਫ਼ ਵਿਚ 20 ਸਾਲ ਦੇਰੀ ਹੋਈ, ਪਰ 30-32 ਸਾਲਾਂ ਬਾਅਦ ਸੀ.ਬੀ.ਆਈ. ਅਦਾਲਤਾਂ ਵਲੋਂ ਦੋਸ਼ੀਆਂ ਨੂੰ ਸਜ਼ਾ ਕਰਕੇ ਜੇਲ੍ਹ ਭੇਜ ਕੇ ਇਕ ਮਿਸਾਲ ਪੈਦਾ ਕੀਤੀ ਹੈ, ਜਿਸ ਤੋਂ ਕਾਨੂੰਨ ਆਪਣੇ ਹੱਥ ਵਿਚ ਲੈਣ ਵਾਲਿਆਂ ਨੂੰ ਸਬਕ ਲੈਣਾ ਚਾਹੀਦਾ ਹੈ |
ਕਿਸੇ ਸਮੇਂ ਦਹਿਸ਼ਤ ਦਾ ਦੂਜਾ ਨਾਂਅ ਸੀ ਇੰਸਪੈਕਟਰ ਸੂਬਾ ਸਿੰਘ
ਅਜੀਤ ਡੈਸਕ
22-09-2025