ਨਿਊਯਾਰਕ, 26 ਸਤੰਬਰ (ਪੀ.ਟੀ.ਆਈ.)-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਸੈਸ਼ਨ ਤੋਂ ਇਲਾਵਾ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਤੇ ਈਰਾਨ ਦੇ ਵਿਦੇਸ਼ ਮੰਤਰੀ ਸਈਦ ਅੱਬਾਸ ਅਰਾਘਚੀ ਨਾਲ ਮੁਲਾਕਾਤ ਕੀਤੀ। ਲਾਵਰੋਵ ਨਾਲ ਮੁਲਾਕਾਤ ਦੌਰਾਨ ਦੁਵੱਲੇ ਸਬੰਧਾਂ, ਬ੍ਰਿਕਸ ਸਹਿਯੋਗ, ਯੂਕਰੇਨ ਸੰਕਟ ਤੇ ਮੱਧ ਪੂਰਬ ਦੀ ਸਥਿਤੀ ਬਾਰੇ ਵਿਚਾਰ-ਵਟਾਂਦਰਾ ਹੋਇਆ।
ਦੋਵਾਂ ਆਗੂਆਂ ਨੇ ਸੰਯੁਕਤ ਰਾਸ਼ਟਰ, ਜੀ-20 ਤੇ ਬ੍ਰਿਕਸ ਸਮੇਤ ਕੌਮਾਂਤਰੀ ਮੰਚਾਂ ’ਤੇ ਤਾਲਮੇਲ ਜਾਰੀ ਰੱਖਣ ’ਤੇ ਸਹਿਮਤੀ ਪ੍ਰਗਟਾਈ। ਅਰਾਘਚੀ ਨਾਲ ਮੁਲਾਕਾਤ ’ਚ ਖਾੜੀ ਖੇਤਰ ਦੇ ਸੰਘਰਸ਼ ਨਾਲ ਜੁੜੀਆਂ ਤਾਜ਼ਾ ਘਟਨਾਵਾਂ ਬਾਰੇ ਚਰਚਾ ਕੀਤੀ ਗਈ। ਜੈਸ਼ੰਕਰ ਨੇ ਕਿਹਾ ਕਿ ਇਸ ਮਾਮਲੇ ’ਤੇ ਦੋਵੇਂ ਦੇਸ਼ ਸੰਪਰਕ ’ਚ ਰਹਿਣਗੇ। ਇਸ ਦੌਰਾਨ ਜੈਸ਼ੰਕਰ ਨੇ ਭਾਰਤ-ਖਾੜੀ ਸਹਿਯੋਗ ਕੌਂਸਲ (ਜੀ.ਸੀ.ਸੀ.) ਦੀ ਮੰਤਰੀ ਪੱਧਰੀ ਬੈਠਕ ਦੀ ਵੀ ਸਹਿ-ਪ੍ਰਧਾਨਗੀ ਕੀਤੀ।
ਉਨ੍ਹਾਂ ਭਾਰਤ-ਜੀ.ਸੀ.ਸੀ. ਮੁਕਤ ਵਪਾਰ ਸਮਝੌਤੇ ਲਈ ਗੱਲਬਾਤ ਸ਼ੁਰੂ ਹੋਣ ਦਾ ਸਵਾਗਤ ਕਰਦਿਆਂ ਵਪਾਰ, ਨਿਵੇਸ਼, ਊਰਜਾ, ਸਿਹਤ ਤੇ ਨਵੀਂ ਤਕਨਾਲੋਜੀ ਦੇ ਖੇਤਰਾਂ ’ਚ ਸਹਿਯੋਗ ਵਧਾਉਣ ’ਤੇ ਜ਼ੋਰ ਦਿੱਤਾ। ਜੈਸ਼ੰਕਰ ਨੇ ਸਮੁੰਦਰੀ ਸੁਰੱਖਿਆ ’ਚ ਆਰਟੀਫਿਸ਼ਲ ਇੰਟੈਲੀਜੈਂਸ (ਏ.ਆਈ.) ਦੀ ਭੂਮਿਕਾ ਬਾਰੇ ਕਿਹਾ ਕਿ ਏ.ਆਈ. ਨਾਲ ਸਮੁੰਦਰੀ ਨਿਗਰਾਨੀ, ਖੋਜ ਤੇ ਬਚਾਅ ਤੇ ਆਫ਼ਤ ਪ੍ਰਬੰਧਨ ਵਿਚ ਮਦਦ ਮਿਲ ਸਕਦੀ ਹੈ, ਪਰ ਇਸ ਦੇ ਸੁਰੱਖਿਆ ਪ੍ਰਭਾਵਾਂ ਤੇ ਸੰਭਾਵਿਤ ਖਤਰਿਆਂ ਨੂੰ ਵੀ ਧਿਆਨ ’ਚ ਰੱਖਣਾ ਜ਼ਰੂਰੀ ਹੈ।