11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਪੰਜਾਬ ਵਿਧਾਨ ਸਭਾ ਦਾ ਦੋ ਦਿਨਾ ਵਿਸ਼ੇਸ਼ ਇਜਲਾਸ ਅੱਜ ਤੋਂ

Ad Position 21
No active advertisement
ਅਜੀਤ ਡੈਸਕ 26-09-2025

ਚੰਡੀਗੜ੍ਹ, 25 ਸਤੰਬਰ (ਹਰਕਵਲਜੀਤ ਸਿੰਘ)– ਪੰਜਾਬ ਵਿਚ ਹੜ੍ਹਾਂ ਕਾਰਨ ਹੋਏ ਵੱਡੇ ਨੁਕਸਾਨ ਅਤੇ ਕੁਝ ਖੇਤਰਾਂ 'ਚ ਪ੍ਰਭਾਵਿਤ ਹੋਏ ਜਨਜੀਵਨ ਅਤੇ ਚੱਲ ਰਹੇ ਰਾਹਤ ਕਾਰਜਾਂ ਤੇ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ 'ਤੇ ਵਿਚਾਰ ਕਰਨ ਲਈ ਸਰਕਾਰ ਵਲੋਂ ਸੱਦਿਆ ਗਿਆ ਵਿਸ਼ੇਸ਼ ਇਜਲਾਸ 26 ਸਤੰਬਰ ਨੂੰ ਸਵੇਰ ਸਮੇਂ ਸ਼ੁਰੂ ਹੋਵੇਗਾ | ਸ਼ੋਕ ਮਤਿਆਂ ਨਾਲ ਸ਼ੁਰੂ ਹੋਣ ਵਾਲੇ ਇਸ ਇਜਲਾਸ ਦੀ ਦੂਸਰੀ ਬੈਠਕ 'ਚ ਸਰਕਾਰ ਵਲੋਂ ਕਈ ਸਰਕਾਰੀ ਵਿਭਾਗਾਂ ਦੀਆਂ ਰਿਪੋਰਟਾਂ ਪੇਸ਼ ਕੀਤੀਆਂ ਜਾਣੀਆਂ ਹਨ, ਜਿਸ ਤੋਂ ਬਾਅਦ ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਸੰਬੰਧੀ ਬਹਿਸ ਸ਼ੁਰੂ ਹੋਵੇਗੀ | ਪੰਜਾਬ ਵਿਧਾਨ ਸਭਾ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਇਹ ਬਹਿਸ 29 ਸਤੰਬਰ ਨੂੰ ਪੂਰੀ ਹੋਵੇਗੀ, ਜਿਸ ਤੋਂ ਬਾਅਦ ਉਸੇ ਦਿਨ ਸਰਕਾਰ ਵਲੋਂ ਕੁਝ ਇਕ ਸੋਧ ਬਿੱਲ ਪੇਸ਼ ਕੀਤੇ ਜਾਣਗੇ, ਜਿਨ੍ਹਾਂ ਨੂੰ ਪਾਸ ਵੀ ਕੀਤਾ ਜਾਵੇਗਾ | ਵਿਸ਼ੇਸ਼ ਇਜਲਾਸ ਹੋਣ ਕਾਰਨ 26 ਤੇ 29 ਸਤੰਬਰ ਦੀਆਂ ਦੋਵੇਂ ਬੈਠਕਾਂ ਦੌਰਾਨ ਵਿਧਾਇਕਾਂ ਲਈ ਸਵਾਲਾਂ-ਜਵਾਬਾਂ ਦਾ ਸਮਾਂ ਨਹੀਂ ਰੱਖਿਆ ਜਾ ਰਿਹਾ | ਇਜਲਾਸ ਲਈ ਨੋਟਿਸ ਘੱਟ ਹੋਣ ਕਾਰਨ ਸਵਾਲ ਪ੍ਰਾਪਤ ਕਰਨ ਅਤੇ ਉਨ੍ਹਾਂ ਦੇ ਜਵਾਬ ਵਿਭਾਗਾਂ ਤੋਂ ਪ੍ਰਾਪਤ ਕਰਨ ਲਈ ਲੋੜੀਂਦਾ ਸਮਾਂ ਵੀ ਨਹੀਂ ਸੀ | ਵਿਰੋਧੀ ਧਿਰ ਵਲੋਂ ਸੂਚਨਾ ਅਨੁਸਾਰ ਪੰਜਾਬ ਦੇ ਡੈਮਾਂ 'ਚੋਂ ਨਿਯਮਤ ਢੰਗ ਨਾਲ ਪਾਣੀ ਛੱਡੇ ਜਾਣ ਅਤੇ ਪਹਿਲਾਂ ਡੈਮਾਂ ਨੂੰ ਪੂਰਾ ਭਰਨ ਅਤੇ ਫਿਰ ਭਾਰੀ ਬਾਰਿਸ਼ ਦੌਰਾਨ ਅਚਾਨਕ ਸਾਰੇ ਗੇਟ ਖੋਲ੍ਹਣ ਦੇ ਮੁੱਦੇ 'ਤੇ ਸਰਕਾਰ ਤੋਂ ਜਵਾਬ ਮੰਗਿਆ ਜਾਵੇਗਾ | ਵਿਰੋਧੀ ਧਿਰ ਦਰਿਆਵਾਂ ਦੇ ਬੰਨ੍ਹਾਂ ਦੀ ਪਹਿਲਾਂ ਮੁਰੰਮਤ ਨਾ ਕੀਤੇ ਜਾਣ ਅਤੇ ਡਰੇਨਾਂ ਆਦਿ ਦੀ ਸਫ਼ਾਈ ਵੱਲ ਮਗਰਲੇ ਸਾਲਾਂ ਦੌਰਾਨ ਧਿਆਨ ਨਾ ਦੇਣ ਤੇ ਰਾਹਤ ਕਾਰਜਾਂ 'ਚ ਵੀ ਸਰਕਾਰ ਦੀ ਭੂਮਿਕਾ ਨੂੰ ਮੁੱਦਾ ਬਣਾਉਣਾ ਚਾਹੁੰਦੀ ਹੈ | ਚਰਚਾ ਇਹ ਵੀ ਹੈ ਕਿ ਸਰਕਾਰ ਰਾਹਤ ਦੇਣ ਸੰਬੰਧੀ ਕੇਂਦਰ ਵਲੋਂ ਨਿਰਧਾਰਿਤ ਪੈਮਾਨਿਆਂ ਨੂੰ ਸੋਧਣ ਅਤੇ ਅੱਜ ਦੀਆਂ ਲੋੜਾਂ ਅਨੁਸਾਰ ਰਾਹਤ ਦੇਣ ਸੰਬੰਧੀ ਮਤਾ ਵੀ ਲਿਆ ਸਕਦੀ ਹੈ |
ਸ਼ੋਕ ਮਤੇ

ਇਜਲਾਸ ਦੌਰਾਨ ਪੰਜਾਬੀ ਕਲਾਕਾਰ ਜਸਵਿੰਦਰ ਭੱਲਾ, ਪੰਜਾਬੀ ਮਿਊਜ਼ਿਕ ਡਾਇਰੈਕਟਰ ਚਰਨਜੀਤ ਆਹੂਜਾ, ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਅਤੇ ਸਾਬਕਾ ਵਿਧਾਇਕ ਰਘੁਬੀਰ ਸਿੰਘ ਸਮੇਤ ਹੜ੍ਹਾਂ ਦੌਰਾਨ ਜਾਨਾਂ ਗੁਆਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀਆਂ ਦੇਣ ਦਾ ਵੀ ਪ੍ਰੋਗਰਾਮ ਹੈ |

Ad Position 22
No active advertisement
ਪਿਛਲੀ ਖ਼ਬਰ ਵਿਵੇਕ ਗੁਪਤਾ ਬਣੇ ਇੰਡੀਅਨ ਨਿਊਜ਼ ਪੇਪਰ ਸੁਸਾਇਟੀ ਦੇ ਪ੍ਰਧਾਨ ਅਗਲੀ ਖ਼ਬਰ ਪੰਜਾਬ ਦੀਆਂ ਮੰਡੀਆਂ 'ਚ ਝੋਨੇ ਦੀ ਆਮਦ ਤੇਜ਼
Ad Position 24