ਨਵੀਂ ਦਿੱਲੀ, 18 ਅਕਤੂਬਰ (ਜਗਤਾਰ ਸਿੰਘ)-ਦਿੱਲੀ ਦੀ ਰਾਊਜ਼ ਐਵਨਿਊ ਅਦਾਲਤ ਨੇ ਨੈਸ਼ਨਲ ਹੈਰਾਲਡ ਮਾਮਲੇ ਨੂੰ ਹੋਰ ਸਬੂਤਾਂ ਲਈ ਸੂਚੀਬੱਧ ਕੀਤਾ ਹੈ, ਕਿਉਂਕਿ ਦਿੱਲੀ ਹਾਈ ਕੋਰਟ ਵਲੋਂ ਪਹਿਲਾਂ ਦਿੱਤੀ ਗਈ ਸਟੇਅ ਨੂੰ ਨਹੀਂ ਵਧਾਇਆ ਗਿਆ ਹੈ¢ ਸ਼ਿਕਾਇਤਕਰਤਾ ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਵਲੋਂ ਦਿੱਲੀ ਹਾਈ ਕੋਰਟ ਤੋਂ ਅਪੀਲ ਵਾਪਸ ਲੈਣ ਦੀ ਇੱਛਾ ਪ੍ਰਗਟ ਕਰਨ ਤੋਂ ਬਾਅਦ ਵਧੀਕ ਮੁੱਖ ਨਿਆਇਕ ਮੈਜਿਸਟ੍ਰੇਟ (ਏ ਸੀ ਜੇ ਐੱਮ) ਨੇਹਾ ਮਿੱਤਲ ਨੇ ਸਬੂਤਾਂ ਲਈ ਕੇਸ ਸੂਚੀਬੱਧ ਕੀਤਾ¢ ਰਾਊਜ਼ ਐਵਨਿਊ ਅਦਾਲਤ ਨੇ 29 ਨਵੰਬਰ ਨੂੰ ਸੁਣਵਾਈ ਲਈ ਕੇਸ ਸੂਚੀਬੱਧ ਕੀਤਾ ਹੈ¢ ਸੁਣਵਾਈ ਦੌਰਾਨ, ਸਵਾਮੀ ਦੇ ਵਕੀਲ ਨੇ 8 ਅਕਤੂਬਰ, 2025 ਨੂੰ ਦਿੱਲੀ ਹਾਈ ਕੋਰਟ ਦਾ ਹੁਕਮ ਪੇਸ਼ ਕੀਤਾ¢ ਇਸ ਵਿਚ ਕਿਹਾ ਗਿਆ ਹੈ ਕਿ ਪਟੀਸ਼ਨਕਰਤਾ, ਸੁਬਰਾਮਨੀਅਮ ਸਵਾਮੀ ਦੇ ਵਕੀਲ, ਐਡਵੋਕੇਟ ਸੱਤਿਆ ਆਨੰਦ ਸਭਰਵਾਲ, ਪਟੀਸ਼ਨ ਵਾਪਸ ਲੈਣਾ ਚਾਹੁੰਦੇ ਸਨ¢ ਵਕੀਲ ਦਾ ਵਕਾਲਤਨਾਮਾ ਹਾਈ ਕੋਰਟ ਦੇ ਰਿਕਾਰਡ ਵਿਚ ਨਹੀਂ ਸੀ¢ ਇਸ ਲਈ, ਉਸ ਨੂੰ ਰਿਕਾਰਡ ਵਿਚ ਦਾਇਰ ਕਰਨ ਲਈ ਸਮਾਂ ਦਿੱਤਾ ਗਿਆ¢ ਅਦਾਲਤ ਨੇ ਪਹਿਲਾਂ ਕਾਂਗਰਸ ਆਗੂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਹੋਰਾਂ ਨੂੰ ਸੰਮਨ ਜਾਰੀ ਕੀਤੇ ਸਨ¢ ਉਹ ਇਸ ਮਾਮਲੇ ਵਿਚ ਜ਼ਮਾਨਤ 'ਤੇ ਹਨ¢ ਮਾਮਲਾ ਰਾਊਜ਼ ਐਵਨਿਊ ਅਦਾਲਤ ਦੇ ਸਾਹਮਣੇ ਸਬੂਤਾਂ ਦੇ ਪੜਾਅ 'ਤੇ ਹੈ¢