ਕਟਿਹਾਰ/ਸਹਰਸਾ (ਬਿਹਾਰ), 3 ਨਵੰਬਰ (ਪੀ.ਟੀ.ਆਈ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ 'ਚ ਚੋਣ ਰੈਲੀਆਂ ਦੌਰਾਨ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਅਤੇ ਕਾਂਗਰਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਐਨ.ਡੀ.ਏ. ਵਿਕਾਸ ਲਈ ਖੜ੍ਹੀ ਹੈ, ਜਦੋਂਕਿ ਜੰਗਲ ਰਾਜ ਵਾਲੇ ਆਰ.ਜੇ.ਡੀ.-ਕਾਂਗਰਸ ਵਾਲੇ ਵਿਨਾਸ਼ ਲਈ ਖੜ੍ਹੇ ਹਨ | ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਅਤੇ ਆਰ.ਜੇ.ਡੀ. ਨੇ ਤਿੰਨ ਤਲਾਕ ਦੇ ਖ਼ਿਲਾਫ਼ ਕਾਨੂੰਨ ਦਾ ਵਿਰੋਧ ਕੀਤਾ ਅਤੇ ਹੁਣ ਕੱਟੜਪੰਥੀਆਂ ਦੇ ਦਬਾਅ 'ਚ ਵਕਫ਼ ਸੋਧ ਕਾਨੂੰਨ ਨੂੰ ਰੱਦ ਕਰਨ ਦੀ ਗੱਲ ਕਰ ਰਹੇ ਹਨ | ਭਾਜਪਾ ਜਦੋਂ ਵੀ ਘੁਸਪੈਠੀਆਂ ਨੂੰ ਬਾਹਰ ਕੱਢਣ ਲਈ ਕਦਮ ਚੁੱਕਦੀ ਹੈ ਤਾਂ ਕਾਂਗਰਸ ਅਤੇ ਆਰ.ਜੇ.ਡੀ. ਉਨ੍ਹਾਂ ਨੂੰ ਬਚਾਉਣ ਲਈ ਅੱਗੇ ਆ ਜਾਂਦੀ ਹੈ | ਕਟਿਹਾਰ ਜ਼ਿਲ੍ਹੇ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ 'ਮਹਾਗਠਬੰਧਨ' ਵਲੋਂ ਮੁੱਖ ਮੰਤਰੀ ਦੇ ਉਮੀਦਵਾਰ ਤੇਜਸਵੀ ਯਾਦਵ ਆਪਣੇ ਪਿਤਾ ਲਾਲੂ ਪ੍ਰਸਾਦ ਯਾਦਵ ਦੇ 'ਪਾਪਾਂ' ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਦੀਆਂ ਤਸਵੀਰਾਂ ਨੂੰ ਆਰ.ਜੇ.ਡੀ ਦੇ ਚੋਣ ਪੋਸਟਰਾਂ ਦੇ ਕੋਨੇ 'ਚ ਲਗਾ ਰਹੇ ਹਨ | ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਪਿਤਾ-ਪੁੱਤਰ ਦੀ ਜੋੜੀ ਦਾ ਨਾਂਅ ਤਾਂ ਨਹੀਂ ਲਿਆ ਪਰ ਤੇਜਸਵੀ ਵੱਲ ਇਸ਼ਾਰਾ ਕਰਦਿਆਂ 'ਜੰਗਲ ਰਾਜ ਦੇ ਯੁਵਰਾਜ' ਸ਼ਬਦ ਦੀ ਵਰਤੋਂ ਕੀਤੀ | ਪ੍ਰਧਾਨ ਮੰਤਰੀ ਨੇ ਇਹ ਵੀ ਦੋਸ਼ ਲਗਾਇਆ ਕਿ ਜਿਥੇ ਆਰ.ਜੇ.ਡੀ. ਨੂੰ ਬਿਹਾਰ ਦਾ ਸਭ ਤੋਂ 'ਭਿ੍ਸ਼ਟ ਪਰਿਵਾਰ' ਕੰਟਰੋਲ ਕਰ ਰਿਹਾ ਹੈ, ਉਥੇ ਉਸ ਦੀ ਸਹਿਯੋਗੀ ਕਾਂਗਰਸ ਨੂੰ 'ਦੇਸ਼ ਦਾ ਸਭ ਤੋਂ ਭਿ੍ਸ਼ਟ ਪਰਿਵਾਰ' ਚਲਾ ਰਿਹਾ ਹੈ | ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਕਾਂਗਰਸ ਤੇਜਸਵੀ ਯਾਦਵ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਬਣਾਉਣ ਲਈ ਉਸ ਵੇਲੇ ਸਹਿਮਤ ਹੋਈ ਜਦੋਂ ਆਰ.ਜੇ.ਡੀ. ਨੇ ਉਨ੍ਹਾਂ ਦੇ ਸਿਰ 'ਤੇ 'ਕੱਟਾ' (ਦੇਸੀ ਪਿਸਤੌਲ) ਰੱਖ ਦਿੱਤਾ | ਆਰ.ਜੇ.ਡੀ. ਹੁਣ ਵਿਕਾਸ ਦੇ ਝੂਠੇ ਦਾਅਵੇ ਕਰ ਰਹੀ ਹੈ ਪਰ ਸੱਤਾ 'ਚ ਰਹਿੰਦੇ ਹੋਏ ਇਸ ਦੇ ਨੇਤਾ ਵਿਕਾਸ ਕਾਰਜਾਂ ਤੋਂ ਟਾਲਮਟੋਲ ਕਰਦੇ ਸੀ | ਇਥੋਂ ਤੱਕ ਕਿ ਹੜ੍ਹਾਂ ਨੂੰ ਵੀ ਸ਼ੁੱਭ ਦੱਸਿਆ ਜਾਂਦਾ ਸੀ |
ਬਿਹਾਰ 'ਚ ਵਿਕਾਸ ਲਈ ਖੜ੍ਹੀ ਹੈ ਐਨ.ਡੀ.ਏ.-ਮੋਦੀ <br/>
ਅਜੀਤ ਡੈਸਕ
04-11-2025