02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਭੁਚਾਲ ਨਾਲ ਫਿਰ ਦਹਿਲਿਆ ਅਫ਼ਗਾਨਿਸਤਾਨ-29 ਮੌਤਾਂ <br/>

Ad Position 21
No active advertisement
ਅਜੀਤ ਡੈਸਕ 04-11-2025
ਅੰਮਿ੍ਤਸਰ, 3 ਨਵੰਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ 'ਚ ਬੀਤੀ ਰਾਤ 12.59 ਵਜੇ (ਅਫ਼ਗਾਨਿਸਤਾਨ ਦੇ ਸਥਾਨਕ ਸਮੇਂ ਮੁਤਾਬਿਕ) ਆਏ ਭੁਚਾਲ ਦੇ ਝਟਕਿਆਂ ਨਾਲ ਦੇਸ਼ ਇਕ ਵਾਰ ਫਿਰ ਤੋਂ ਦਹਿਲ ਗਿਆ | ਅਫ਼ਗਾਨਿਸਤਾਨ ਦੇ ਬਲਖ਼ ਪ੍ਰਾਂਤ ਦੀ ਰਾਜਧਾਨੀ ਮਜ਼ਾਰ-ਏ-ਸ਼ਰੀਫ਼ ਸ਼ਹਿਰ 'ਚ 6.3 ਤੀਬਰਤਾ ਦੇ ਆਏ ਭੁਚਾਲ ਨਾਲ ਘੱਟੋ-ਘੱਟ 29 ਲੋਕ ਮਾਰੇ ਗਏ ਹਨ ਤੇ 500 ਤੋਂ ਵੱਧ ਜ਼ਖਮੀ ਹੋਏ ਹਨ | ਤਾਲਿਬਾਨ ਸਰਕਾਰ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਸ਼ਰਾਫ਼ਤ ਜ਼ਮਾਨ ਅਮਰ ਨੇ ਉਕਤ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਬਲਖ਼ ਤੇ ਸਮਾਨਗਨ ਪ੍ਰਾਂਤਾਂ 'ਚ ਭੁਚਾਲ ਦੇ ਝਟਕਿਆਂ ਨਾਲ ਭਾਰੀ ਨੁਕਸਾਨ ਪਹੁੰਚਿਆ ਹੈ | ਉਨ੍ਹਾਂ ਕਿਹਾ ਕਿ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ | ਯੂ. ਐੱਸ. ਜੀਓਲੋਜੀਕਲ ਸਰਵੇ (ਯੂ.ਐਸ.ਜੀ.ਐਸ.) ਦੇ ਅਨੁਸਾਰ ਭੁਚਾਲ ਮਜ਼ਾਰ-ਏ-ਸ਼ਰੀਫ਼ ਦੇ ਨੇੜੇ 28 ਕਿੱਲੋਮੀਟਰ ਦੀ ਡੂੰਘਾਈ 'ਤੇ ਆਇਆ | ਉਕਤ ਅਦਾਰੇ ਨੇ ਭੁਚਾਲ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ | ਸਮਾਨਗਨ ਪ੍ਰਾਂਤ ਦੇ ਸਿਹਤ ਵਿਭਾਗ ਦੇ ਬੁਲਾਰੇ ਸਮੀਮ ਜੋਇੰਦਾ ਨੇ ਕਿਹਾ ਕਿ ਮੌਤਾਂ ਅਤੇ ਜ਼ਖਮੀਆਂ ਦੇ ਅੰਕੜੇ ਅੱਜ ਸਵੇਰ ਤੱਕ ਪ੍ਰਾਪਤ ਹੋਈਆਂ ਹਸਪਤਾਲ ਰਿਪੋਰਟਾਂ ਦੇ ਅਧਾਰ 'ਤੇ ਹਨ | ਬਹੁਤ ਸਾਰੇ ਲੋਕ ਮਲਬੇ ਹੇਠਾਂ ਦੱਬੇ ਹੋਏ ਹਨ | ਜਿਸ ਕਾਰਨ ਮੌਤਾਂ ਦੀ ਸਹੀ ਗਿਣਤੀ ਬਾਰੇ ਅਜੇ ਕੋਈ ਪੁਸ਼ਟੀ ਕਰਨਾ ਸੰਭਵ ਨਹੀਂ ਹੈ | ਯੂ.ਐੱਸ.ਜੀ.ਐੱਸ. ਨੇ ਆਪਣੇ ਪੇਜਰ ਸਿਸਟਮ ਰਾਹੀਂ ਇਕ ਚਿਤਾਵਨੀ ਜਾਰੀ ਕਰਕੇ ਕਿਹਾ ਹੈ ਕਿ ਭੁਚਾਲ ਨਾਲ ਵੱਡਾ ਜਾਨੀ ਨੁਕਸਾਨ ਸੰਭਵ ਹੈ ਤੇ ਆਫ਼ਤ ਵਿਆਪਕ ਹੋ ਸਕਦੀ ਹੈ | ਬਲਖ਼ ਸੂਬੇ ਦੇ ਬੁਲਾਰੇ ਹਾਜੀ ਜ਼ੈਦ ਨੇ ਕਿਹਾ ਕਿ ਭੁਚਾਲ 'ਚ ਮਜ਼ਾਰ-ਏ-ਸ਼ਰੀਫ਼ ਦੀ ਮਸ਼ਹੂਰ ਨੀਲੀ ਮਸਜਿਦ ਦਾ ਇਕ ਹਿੱਸਾ ਵੀ ਨੁਕਸਾਨਿਆ ਗਿਆ ਹੈ | ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਸਾਂਝੀਆਂ ਕੀਤੀਆਂ ਗਈਆਂ ਵੀਡੀਓਜ਼ 'ਚ ਬਚਾਅ ਕਰਮਚਾਰੀਆਂ ਨੂੰ ਮਲਬੇ ਹੇਠ ਫਸੇ ਲੋਕਾਂ ਨੂੰ ਬਚਾਉਂਦੇ ਵਿਖਾਇਆ ਗਿਆ ਹੈ ਤੇ ਹਸਪਤਾਲਾਂ 'ਚ ਜ਼ਖ਼ਮੀਆਂ ਅਤੇ ਉਨ੍ਹਾਂ ਦੇ ਵਾਰਸਾਂ ਦੀ ਭੀੜ ਲੱਗੀ ਹੋਈ ਹੈ | ਇਸ ਤੋਂ ਪਹਿਲਾਂ ਅਫ਼ਗਾਨਿਸਤਾਨ ਵਿਚ ਅਗਸਤ ਮਹੀਨੇ ਤੇ ਸਾਲ 2015 ਅਤੇ 2023 'ਚ ਆਏ ਭੁਚਾਲ ਦੇ ਝਟਕਿਆਂ ਨਾਲ ਵੀ ਅਫ਼ਗਾਨਿਸਤਾਨ 'ਚ ਹਜ਼ਾਰਾਂ ਲੋਕ ਮਾਰੇ ਗਏ ਸਨ | ਦਰਅਸਲ, ਅਫ਼ਗਾਨਿਸਤਾਨ ਇਕ ਬਹੁਤ ਜ਼ਿਆਦਾ ਭੁਚਾਲ-ਪ੍ਰਭਾਵਿਤ ਖੇਤਰ 'ਚ ਸਥਿਤ ਹੈ | ਇੱਥੇ ਜ਼ਿਆਦਾਤਰ ਹਿੱਸੇ 'ਚ ਮਿੱਟੀ ਦੇ ਕੱਚੇ ਘਰ ਹਨ |

Ad Position 22
No active advertisement
ਪਿਛਲੀ ਖ਼ਬਰ ਜੈਸ਼ੰਕਰ ਵਲੋਂ ਮੁਤਾਕੀ ਨਾਲ ਗੱਲਬਾਤ ਅਗਲੀ ਖ਼ਬਰ ਪਾਕਿ ਤੇ ਚੀਨ ਕਰ ਰਹੇ ਹਨ ਪ੍ਰਮਾਣੂ ਪ੍ਰੀਖਣ <br/>
Ad Position 24
No active advertisement