ਪਣਜੀ, 17 ਦਸੰਬਰ (ਪੀ. ਟੀ. ਆਈ.)-ਉੱਤਰੀ ਗੋਆ ਦੀ ਇੱਕ ਅਦਾਲਤ ਨੇ 'ਬਿਰਚ ਬਾਈ ਰੋਮੀਓ ਲੇਨ' ਨਾਈਟ ਕਲੱਬ ਦੇ ਸਹਿ-ਮਾਲਕਾਂ ਗੌਰਵ ਲੂਥਰਾ ਅਤੇ ਸੌਰਭ ਲੂਥਰਾ ਨੂੰ ਪੰਜ ਦਿਨਾਂ ਲਈ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਹੈ | 6 ਦਸੰਬਰ ਨੂੰ ਵਾਪਰੀ ਅੱਗ ਦੀ ਘਟਨਾ, ਜਿਸ ਵਿਚ 25 ਵਿਅਕਤੀਆਂ ਦੀ ਮੌਤ ਹੋ ਗਈ ਸੀ, ਦੇ ਸੰਬੰਧ ਵਿਚ ਥਾਈਲੈਂਡ ਤੋਂ ਡਿਪੋਰਟ ਕੀਤੇ ਲੂਥਰਾ ਭਰਾਵਾਂ ਨੂੰ ਅੱਜ ਪੁਲਿਸ ਨੇ ਦਿੱਲੀ ਤੋਂ ਗੋਆ ਲਿਆਂਦਾ ਅਤੇ ਅਦਾਲਤ ਵਿਚ ਪੇਸ਼ ਕੀਤਾ | ਜੂਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਮਾਪੁਸਾ ਪੂਜਾ ਸਰਦੇਸਾਈ ਨੇ ਦੋਵਾਂ ਭਰਾਵਾਂ ਨੂੰ 5 ਦਿਨਾਂ ਲਈ ਗੋਆ ਪੁਲਿਸ ਦੀ ਹਿਰਾਸਤ ਵਿਚ ਭੇਜ ਦਿੱਤਾ | ਗੋਆ ਪੁਲਿਸ ਦੀ ਇਕ ਟੀਮ ਲੂਥਰਾ ਭਰਾਵਾਂ ਨੂੰ ਲੈ ਕੇ ਅੱਜ ਸਵੇਰੇ 10:45 ਵਜੇ ਉੱਤਰੀ ਗੋਆ ਦੇ ਮਨੋਹਰ ਕੌਮਾਂਤਰੀ ਹਵਾਈ ਅੱਡੇ 'ਤੇ ਪਹੁੰਚੀ | ਦੋਵਾਂ ਨੂੰ ਪਹਿਲਾਂ ਡਾਕਟਰੀ ਜਾਂਚ ਲਈ ਸਿਓਲਿਮ ਦੇ ਇੱਕ ਮੁਢਲੇ ਸਿਹਤ ਕੇਂਦਰ ਲਿਜਾਇਆ ਗਿਆ ਸੀ | ਬਾਅਦ 'ਚ ਉਨ੍ਹਾਂ ਨੂੰ ਮਾਪੁਸਾ ਦੇ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਅਤੇ ਮੈਡੀਕਲ ਦੇ ਬਾਅਦ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ | ਅਦਾਲਤ ਨੇ ਦੋਸ਼ੀਆਂ ਨੂੰ ਨਵੇਂ ਸਿਰੇ ਤੋਂ ਡਾਕਟਰੀ ਜਾਂਚ ਲਈ ਭੇਜਣ ਦਾ ਨਿਰਦੇਸ਼ ਦਿੱਤਾ ਅਤੇ ਉਨ੍ਹਾਂ ਨੂੰ ਮੁੜ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ | ਬਾਅਦ ਵਿਚ ਉਨ੍ਹਾਂ ਨੂੰ ਜੱਜ ਸਰਦੇਸਾਈ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਨ੍ਹਾਂ ਨੇ ਦੋਸ਼ੀਆਂ ਦੀ ਪੰਜ ਦਿਨਾਂ ਦੀ ਪੁਲਿਸ ਹਿਰਾਸਤ ਦਾ ਹੁਕਮ ਦਿੱਤਾ | ਨਾਈਟ ਕਲੱਬ ਵਿਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਅੰਜੁਨਾ ਪੁਲਿਸ ਨੇ ਲੂਥਰਾ ਭਰਾਵਾਂ ਖਿਲਾਫ਼ ਵੱਖ-ਵੱਖ ਦੋਸ਼ਾਂ ਤਹਿਤ ਕੇਸ ਦਰਜ ਕੀਤਾ