ਜੈਪੁਰ, 25 ਦਸੰਬਰ (ਪੀ.ਟੀ.ਆਈ.)-ਖ਼ੱਤਰੀ ਕਰਨੀ ਸੈਨਾ ਵਲੋਂ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੂੰ ਮਹਾਰਾਣਾ ਪ੍ਰਤਾਪ 'ਤੇ ਉਨ੍ਹਾਂ ਦੀਆਂ ਟਿੱਪਣੀਆਂ ਲਈ ਧਮਕੀ ਦਿੱਤੀ ਗਈ ਹੈ | ਕਰਨੀ ਸੈਨਾ ਦੇ ਕੌਮੀ ਪ੍ਰਧਾਨ ਰਾਜ ਸ਼ੇਖਾਵਤ ਨੇ ਇਕ ਸੋਸ਼ਲ ਮੀਡੀਆ ਪੋਸਟ 'ਚ ਕਟਾਰੀਆ 'ਤੇ ਮਹਾਰਾਣਾ ਪ੍ਰਤਾਪ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਅਤੇ ਕਰਨੀ ਸੈਨਾ ਦੇ ਮੈਂਬਰਾਂ ਨੂੰ ਰਾਜਪਾਲ ਦੇ 'ਜਿਥੇ ਵੀ ਤੇ ਜਦੋਂ ਵੀ' ਮਿਲਣ 'ਤੇ ਹਮਲਾ ਕਰਨ ਲਈ ਕਿਹਾ ਗਿਆ ਹੈ | ਇਹ ਧਮਕੀ ਤਿੰਨ ਦਿਨ ਪਹਿਲਾਂ ਰਾਜਸਥਾਨ ਦੇ ਜ਼ਿਲ੍ਹਾ ਉਦੈਪੁਰ ਦੇ ਗੋਗੁੰਡਾ ਵਿਖੇ ਕਟਾਰੀਆ ਵਲੋਂ ਦਿੱਤੇ ਗਏ ਇਕ ਬਿਆਨ ਤੋਂ ਬਾਅਦ ਦਿੱਤੀ ਗਈ, ਜਿਥੇ ਉਹ 22 ਦਸੰਬਰ ਨੂੰ ਸਮਾਗਮ 'ਚ ਸ਼ਾਮਿਲ ਹੋਏ ਸਨ | ਆਪਣੇ ਸੰਬੋਧਨ ਦੌਰਾਨ ਕਟਾਰੀਆ ਨੇ ਕਿਹਾ ਕਿ ਮਹਾਰਾਣਾ ਪ੍ਰਤਾਪ ਦੀ ਵਿਰਾਸਤ ਨੂੰ ਭਾਜਪਾ ਦੇ ਸ਼ਾਸਨ ਦੌਰਾਨ ਉਜਾਗਰ ਕੀਤਾ ਗਿਆ ਸੀ ਤੇ ਭਾਜਪਾ ਸਰਕਾਰ ਦੌਰਾਨ ਹੀ ਮਹਾਰਾਣਾ ਪ੍ਰਤਾਪ ਨੂੰ ਪਹਿਲੀ ਵਾਰ 'ਸਭ ਤੋਂ ਅੱਗੇ ਲਿਆਂਦਾ ਗਿਆ' |