ਚੰਡੀਗੜ੍ਹ, 26 ਦਸੰਬਰ (ਹਰਕਵਲਜੀਤ ਸਿੰਘ)-ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਵਿਧਾਨ ਸਭਾ ਦੇ 30 ਦਸੰਬਰ ਨੂੰ ਸੱਦੇ ਗਏ ਵਿਸ਼ੇਸ਼ ਇਜਲਾਸ ਤੋਂ ਇਕ ਦਿਨ ਪਹਿਲਾਂ 29 ਦਸੰਬਰ ਨੂੰ ਸੱਦੀ ਗਈ ਹੈ | ਵਿਧਾਨ ਸਭਾ ਸਕੱਤਰੇਤ ਵਲੋਂ ਵਿਸ਼ੇਸ਼ ਇਜਲਾਸ ਲਈ ਜਾਰੀ ਪ੍ਰੋਗਰਾਮ 'ਚ ਕੇਵਲ ਕੇਂਦਰ ਵਲੋਂ ਐਲਾਨੀ ਗਈ ਨਵੀਂ ਸਕੀਮ 'ਜੀ ਰਾਮ ਜੀ' ਸਕੀਮ 'ਤੇ ਵਿਚਾਰ-ਵਟਾਂਦਰੇ ਤੋਂ ਇਲਾਵਾ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣਾ ਸ਼ਾਮਿਲ ਹੈ | ਸਮਝਿਆ ਜਾ ਰਿਹਾ ਹੈ ਕਿ ਮੰਤਰੀ ਮੰਡਲ ਦੀ ਬੈਠਕ 'ਚ ਵਿਧਾਨ ਸਭਾ 'ਚ ਸਰਕਾਰ ਵਲੋਂ ਨਵੀਂ 'ਜੀ ਰਾਮ ਜੀ' ਸਕੀਮ ਸੰਬੰਧੀ ਪੇਸ਼ ਕੀਤੇ ਜਾਣ ਵਾਲੇ ਮਤੇ 'ਤੇ ਵਿਚਾਰ-ਵਟਾਂਦਰੇ ਤੋਂ ਇਲਾਵਾ ਇਜਲਾਸ 'ਚ ਕੁਝ ਬਿੱਲ ਪਾਸ ਕਰਨ ਦਾ ਮਾਮਲਾ ਵੀ ਵਿਚਾਰਿਆ ਜਾ ਸਕਦਾ ਹੈ | ਇਨ੍ਹਾਂ 'ਚੋਂ ਕੁਝ ਬਿੱਲ ਵਿੱਤੀ ਹੋਣ ਕਾਰਨ ਰਾਜਪਾਲ ਦੀ ਅਗਾੳਾੂ ਲੋੜੀਂਦੀ ਪ੍ਰਵਾਨਗੀ ਲਈ ਭੇਜੇ ਜਾਣ ਕਾਰਨ ਮਗਰਲੇ ਇਜਲਾਸ 'ਚ ਪਾਸ ਨਹੀਂ ਹੋ ਸਕੇ ਸਨ, ਜਿਸ ਕਾਰਨ ਸਰਕਾਰ ਇਨ੍ਹਾਂ ਬਿੱਲਾਂ ਨੂੰ ਪ੍ਰਵਾਨਗੀ ਲਈ 30 ਦਸੰਬਰ ਦੇ ਇਜਲਾਸ 'ਚ ਪੇਸ਼ ਕਰ ਸਕਦੀ ਹੈ | ਮੰਤਰੀ ਮੰਡਲ ਦੀ ਬੈਠਕ 'ਚ ਇਨ੍ਹਾਂ ਬਿੱਲਾਂ ਨੂੰ ਇਜਲਾਸ 'ਚ ਪੇਸ਼ ਕਰਨ ਲਈ ਪ੍ਰਵਾਨਗੀ ਦਿੱਤੀ ਜਾਵੇਗੀ | ਰਾਜ ਸਰਕਾਰ ਅਗਲੇ ਵਿੱਤੀ ਸਾਲ ਲਈ ਬਜਟ ਇਜਲਾਸ ਮਾਰਚ ਦੇ ਅੱਧ 'ਚ ਸੱਦਣਾ ਚਾਹੁੰਦੀ ਹੈ |